ਫਿਰੋਜ਼ਪੁਰ: ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ `ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਵੀਡੀੳ ਕਾਫੀ ਵਾਇਰਲ ਹੋ ਰਹੀਆ ਹਨ। ਜਿਸ ਵਿੱਚ ਉਹ ਸਰਕਾਰੀ ਹਸਪਤਾਲਾ ਦੀ ਚੈਕਿੰਗ ਕਰਦੇ ਅਤੇ ਸਟਾਫ ਨੂੰ ਹਦਾਇਤਾਂ ਦਿੰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਸੀਐਮ ਭਗਵੰਤ ਮਾਨ ਨੇ ਵੀ ਸਰਕਾਰੀ ਹਸਪਤਾਲਾਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ ਮਰੀਜ਼ਾ ਦਾ ਧਿਆਨ ਰੱਖਿਆ ਜਾਵੇ ਅਤੇ ਸਮੇਂ ਸਿਰ ਇਲਾਜ਼ ਕੀਤਾ ਜਾਵੇ, ਪਰ ਫਿਰੋਜ਼ਪੁਰ ਦੇ ਸਿਵਲ ਹਸਪਤਾਲ `ਤੇ ਇਨਾਂ ਹੁਕਮਾਂ ਦਾ ਕੋਈ ਖਾਸ ਅਸਰ ਹੁੰਦਾ ਦਿਖਾਈ ਨਹੀ ਦੇ ਰਿਹਾ।
ਬੀਤੀ ਰਾਤ ਇੱਕ ਗਰਭਵਤੀ ਔਰਤ ਡਿਲੀਵਰੀ ਲਈ ਹਸਪਤਾਲ ਬਾਹਰ ਤੜਫਦੀ ਰਹੀ। ਔਰਤ ਦੇ ਪਤੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗਰਭਵਤੀ ਸੀ ਤੇ ਡਿਲੀਵਰੀ ਲਈ ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਜਿੱਥੇ ਉਹ ਕਾਫੀ ਟਾਈਮ ਹਸਪਤਾਲ ਦੇ ਬਾਹਰ ਤੜਫਦੀ ਰਹੀ, ਪਰ ਹਸਪਤਾਲ ਦੇ ਸਟਾਫ ਨੇ ਉਸਨੂੰ ਦਾਖਲ ਨਹੀ ਕੀਤਾ। ਇਸ ਤੋਂ ਬਾਅਦ ਪਰਿਵਾਰ ਔਰਤ ਨੂੰ ਪ੍ਰਾਈਵੇਟ ਹਸਪਤਾਲ ’ਚ ਲੈ ਗਿਆ, ਜਿੱਥੇ ਉਨ੍ਹਾਂ ਕੋਲੋਂ ਡਿਲੀਵਰੀ ਦੀ ਫੀਸ ਵੱਧ ਮੰਗੀ ਗਈ ਤੇ ਉਨ੍ਹਾਂ ਕੋਲ ਇੰਨੇ ਪੈਸੇ ਨਹੀ ਸਨ ਕਿ ਉਹ ਉੱਥੋਂ ਡਿਲੀਵਰੀ ਕਰਾ ਸਕਣ। ਫਿਰ ਸੁਖਵਿੰਦਰ ਆਪਣੀ ਪਤਨੀ ਨੂੰ ਦੁਬਾਰਾ ਸਰਕਾਰੀ ਹਸਪਤਾਲ ਲੈ ਗਿਆ ਪਰ ਫਿਰ ਵੀ ਕਿਸੇ ਡਾਕਟਰ ਨੇ ਉਸ ਦਾ ਇਲਾਜ਼ ਨਹੀ ਕੀਤਾ ਅਤੇ ਕਰਮਚਾਰੀਆਂ ਨੇ ਬਹੁਤ ਸਖਤੀ ਨਾਲ ਗੱਲ ਕੀਤੀ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਧਰ ਦੂਜੇ ਪਾਸੇ ਪੁਲਿਸ ਵਾਲਿਆਂ ਨੇ ਵੀ ਪੀੜਤ ਨੂੰ ਦਬਕਾਇਆ ਤੇ ਕੇਸ ਪਾਉਣ ਦੀ ਧਮਕੀ ਦਿੱਤੀ।
ਇਸ ਸਬੰਧੀ ਡਿਊਟੀ `ਤੇ ਤਾਇਨਾਤ ਡਾਕਟਰ ਸਤਿੰਦਰ ਕੋਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਮਰੀਜ਼ ਨੂੂੂੰ ਫਿਰ ਹਸਪਤਾਲ ਜ਼ਰੂਰ ਲਿਆਦਾ ਗਿਆ ਸੀ ਪਰ ਪਰਿਵਾਰ ਵਾਲੇ ਖੁਦ ਪ੍ਰਾਈਵੇਟ ਹਸਪਤਾਲ ‘ਚ ਡਿਲੀਵਰੀ ਕਰਵਾਉਣਾ ਚਾਹੁੰਦੇ ਸਨ। ਉੱਥੇ ਹੀ ਵੀਡੀੳ ਵਿੱਚ ਡਾਕਟਰ ਸਿਰਫ਼ ਕੁਰਸੀ ਤੇ ਬੈਠੀ ਨਜ਼ਰ ਆ ਰਹੀ ਹੈ ਤੇ ਕੋਈ ਵੀ ਡਾਕਟਰ ਜਾਂ ਨਰਸ ਔਰਤ ਦਾ ਇਲਾਜ਼ ਨਹੀਂ ਕਰ ਰਿਹਾ। ਪਰਿਵਾਰ ਵਲੋਂ ਆਪ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਵੱਡੀ ਲਾਪਰਵਾਹੀ ਨੂੰ ਲੈ ਕੇ ਕਾਰਵਾਈ ਕੀਤੀ ਜਾਵੇ।