ਮੋਹਾਲੀ : ਸੂਬੇ ਵੱਲੋਂ ਕੋਰੋਨਾ ਵਾਇਰਸ ਦਾ ਮੁੱਖ ਹੌਟਸਪਾਟ ਐਲਾਨੇ ਗਏ ਜ਼ਿਲ੍ਹਾ ਮੋਹਾਲੀ ਨੇ ਕੋਰੋਨਾ ਮਹਾਮਾਰੀ ‘ਤੇ ਆਖਿਰ ਫਤਿਹ ਹਾਸਲ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਸਾਰੇ ਕੋਰੋਨਾ ਸੰਕਰਮਿਤ ਮਰੀਜ਼ ਸਿਹਤਯਾਬ ਹੋ ਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ ਜੋ ਕਿ ਮੋਹਾਲੀ ਦੇ ਲੋਕਾਂ ਅਤੇ ਸੂਬੇ ਲਈ ਇੱਕ ਰਾਹਤ ਭਰੀ ਖਬਰ ਹੈ। ਮੋਹਾਲੀ ‘ਚ ਹੁਣ ਕੋਰੋਨਾ ਦਾ ਕੋਈ ਵੀ ਮਾਮਲਾ ਨਹੀਂ ਹੈ ਜਿਸ ਤੋਂ ਬਾਅਦ ਮੋਹਾਲੀ ਹੁਣ “ਕੋਰੋਨਾ ਮੁਕਤ” ਜ਼ਿਲ੍ਹਾ ਬਣ ਗਿਆ ਹੈ।
ਜ਼ਿਲ੍ਹਾ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੋਹਾਲੀ ‘ਚ ਕੋਰੋਨਾ ਦੇ ਕੁਲ 105 ਮਰੀਜ਼ਾਂ ‘ਚੋਂ 102 ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਅਤੇ 3 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਜ਼ਿਲ੍ਹੇ ‘ਚ ਹੁਣ ਕੋਰੋਨਾ ਦਾ ਇੱਕ ਵੀ ਐਕਟਿਵ ਕੇਸ ਨਹੀਂ ਹੈ। ਅੱਜ (ਵੀਰਵਾਰ) ਪੀ.ਜੀ.ਆਈ. ਚੰਡੀਗੜ੍ਹ ‘ਚ ਦਾਖਲ ਨਵਾਂਗਾਓ ਦੇ 30 ਸਾਲਾ ਪੁਰਸ਼ ਅਤੇ ਮਿਲਖ ਪਿੰਡ ਦੀ 24 ਸਾਲਾਂ ਕੁੜੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
Update:
Total cases – 105
Active cases – 0
Recovered / Discharged – 102
Deaths – 3
— Girish Dayalan (@GirishDayalan) May 21, 2020
ਦਸ ਦੇਈਏ ਕਿ ਸੂਚਨਾ ਅਤੇ ਸੰਚਾਰ ਵਿਭਾਗ ਮੁਤਾਬਕ ਸੂਬੇ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 2005 ਹੋ ਗਈ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਹੁਣ ਸਿਰਫ 211 ਮਰੀਜ਼ ਹੀ ਇਲਾਜ ਅਧੀਨ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਵਿਡ-19 ਵਿਰੁੱਧ ਵਿੱਢੀ ਲੜਾਈ ਵਿੱਚ ਪੰਜਾਬ ਬਹਾਦਰੀ ਨਾਲ ਲੜ ਰਿਹਾ ਹੈ ਤੇ ਪੰਜਾਬ ਵਿੱਚ ਰਿਕਵਰੀ ਦਰ 89% ਹੈ ਤੇ ਇਸ ਸਮੇਂ ਪੂਰੇ ਸੂਬੇ ਵਿੱਚ 211 ਕੋਵਿਡ ਸਰਗਰਮ ਮਾਮਲੇ ਹਨ ਅਤੇ ਮੈਂ ਇਨ੍ਹਾਂ ਸਾਰਿਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਸਾਡੇ ਮਾਮਲਿਆਂ ਦੀ ਦੁੱਗਣੀ ਦਰ ਵੀ 100 ਦਿਨਾਂ ਤੱਕ ਸੁਧਰੀ ਹੈ। ਪਰ ਇਸਦੇ ਨਾਲ ਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਬੇਸ਼ੱਕ ਹਾਲਾਤ ਬਿਹਤਰ ਹੋ ਰਹੇ ਹਨ ਪਰ ਸਾਨੂੰ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਤਾਂ ਜੋ ਹੁਣ ਤੱਕ ਸਾਡੇ ਸਾਰਿਆਂ ਵੱਲੋਂ ਕੀਤੀ ਗਈ ਮਿਹਨਤ ਖ਼ਰਾਬ ਨਾ ਹੋਵੇ।