ਨਾਭਾ: ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਗਿਆ ਹੈ। ਜਿਸ ਦੇ ਬਾਵਜੂਦ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਬਿਨ੍ਹਾ ਕਿਸੇ ਪਰਵਾਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਦੀ ਆਤਮਾ ਨਗਰ ਕਲੋਨੀ ਵਿਖੇ, ਜਿੱਥੇ ਇੱਕ ਚੋਰ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ।
ਸ਼ਾਤਰ ਚੋਰ ਨੇ ਪਹਿਲਾਂ ਆਤਮਾ ਨਗਰ ਕਲੋਨੀ ਦੇ ਕਈ ਘਰਾਂ ਵਿੱਚ ਰੇਕੀ ਕੀਤੀ ਅਤੇ ਪੁਲਿਸ ਦੇ ਪੀ.ਸੀ.ਆਰ ਮੁਲਾਜ਼ਮ ਉਸ ਚੋਰ ਦਾ ਪਿੱਛਾ ਵੀ ਕਰਦੇ ਨਜ਼ਰ ਆਏ ਜੋ ਕਿ ਸੀਸੀਟੀਵੀ ‘ਚ ਵੀ ਕੈਦ ਹੈ। ਸ਼ਾਤਰ ਚੋਰ ਪੁਲਿਸ ਨੂੰ ਚਕਮਾ ਦੇ ਕੇ ਘਰ ਵਿੱਚ ਦਾਖ਼ਲ ਹੋ ਕੇ 22 ਤੋਲੇ ਦੇ ਕਰੀਬ ਸੋਨਾ, ਨਕਦੀ ਅਤੇ ਇਕ ਘਰ ਦੇ ਵਿੱਚ ਖੜ੍ਹੀ ਐਕਟਿਵਾ ਨੂੰ ਵੀ ਆਪਣੇ ਨਾਲ ਲੈ ਗਿਆ। ਇਹ ਘਟਨਾ ਸੀਸੀਟੀਵੀ ‘ਚ ਵੀ ਕੈਦ ਹੋਈ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਘਰ ਵਿੱਚ ਸੁੱਤੇ ਪਏ ਪੰਜ ਮੈਂਬਰਾ ‘ਚੋਂ ਕਿਸੇ ਨੂੰ ਬਿਲਕੁਲ ਭਿਣਕ ਨਹੀਂ ਲੱਗੀ ਕਿ ਉਨ੍ਹਾਂ ਦਾ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਗਿਆ, ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਨਸ਼ੀਲੀ ਵਸਤੂ ਸੁੰਘਾਈ ਗਈ ਸੀ। ਉੱਧਰ ਪੁਲੀਸ ਮਾਮਲਾ ਦਰਜ ਕਰਕੇ ਹੁਣ ਸ਼ਾਤਰ ਚੋਰ ਦੀ ਭਾਲ ਵਿਚ ਜੁੱਟ ਗਈ ਹੈ।