ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਦੇਸ਼ ਦੀ ਸਭਿਆਚਾਰਕ ਵਿਰਾਸਤ ਨੂੰ ਨਵੀਂ ਮਜਬੂਤੀ ਮਿਲੀ ਹੈ। ਇਸੇ ਵਿਰਾਸਤ ਨੂੰ ਸਾਂਭ ਕੇ ਰੱਖਣ ਲਈ ਸਰਕਾਰ ਵੱਲੋਂ ਜੋਤਿਸਰ ਵਿੱਚ ਮਹਾਭਾਰਤ ਥੀਮ ‘ਤੇ ਅਧਾਰਿਤ ਵਿਸ਼ੇਸ਼ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ। ਇਸ ਤਹਿਤ ਗੀਤਾ ਸਥਲੀ ਜੋਤਿਸਰ ਨੂੰ ਸੈਰ-ਸਪਾਟੇ ਦੀ ਦ੍ਰਿਸ਼ਟੀ ਨਾਲ ਵਿਕਸਿਤ ਕਰਦੇ ਹੋਏ ਦੁਨੀਆ ਦਾ ਸਭ ਤੋਂ ਦਰਸ਼ਨਿਕ ਅਤੇ ਇਤਿਹਾਸਕ ਸਥਲ ਬਣਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਮੰਗਲਵਾਰ ਨੂੰ ਜ਼ਿਲ੍ਹਾ ਕੁਰੂਕਸ਼ੇਤਰ ਦੇ ਜੋਤਿਸਰ ਤੀਰਥ ਵਿਖੇ ਸਥਿਤ ਅਨੁਭਵ ਕੇਂਦਰ ਦਾ ਨਿਰੀਖਣ ਕਰ ਰਹੇ ਸਨ। ਇਸ ਮੌਕੇ ‘ਤੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਅਤੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਅਨੁਭਵ ਕੇਂਦਰ ਵਿੱਚ ਸੁਆਗਤ ਕਮਰਾ, ਮਹਾਕਾਵ ਦਾ ਸ੍ਰਿਜਨ ਕਮਰਾ, ਪ੍ਰਾਚੀਨ ਮਹਾਭਾਰਤ, ਕੁਰੂ ਵੰਸ਼ਵਾਲੀ, ਗੀਤਾ ਸ਼ਲੋਕ, ਕ੍ਰਿਸ਼ਣ ਭੂਮਿਕਾ, ਦਸ਼ਾਵਤਾਰ ਆਦਿ ਥੀਮ ਵਾਲੇ ਕਮਰਿਆਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜੋਤਿਸਰ ਅਨੁਭਵ ਕੇਂਦਰ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਲਈ ਕੁਰੂਕਸ਼ੇਤਰ ਦੇ ਇਤਿਹਾਸ ਦੀ ਜੀਵੰਤ ਝਲਕ ਪੇਸ਼ ਕਰੇਗਾ।
ਇਸ ਦੌਰਾਨ, ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੀ ਪ੍ਰਧਾਨ ਸਕੱਤਰ ਕਲਾ ਰਾਮਚੰਦਰਨ ਨੇ ਮੁੱਖ ਮੰਤਰੀ ਨੂੰ ਪੀਪੀਟੀ ਰਾਹੀਂ ਅਨੁਭਵ ਕੇਂਦਰ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੇ ਵਿਕਾਸ ਕਾਰਜ ਸਮੇਂ ਸਿਰ ਅਤੇ ਉੱਚ ਗੁਣਵੱਤਾ ਨਾਲ ਪੂਰੇ ਕੀਤੇ ਜਾਣ, ਤਾਂ ਜੋ ਸੈਲਾਨੀ ਇੱਥੇ ਮਹਾਭਾਰਤ ਅਤੇ ਕੁਰੂਕਸ਼ੇਤਰ ਦੇ ਇਤਿਹਾਸ ਦੇ ਦਰਸ਼ਨ ਕਰ ਸਕਣ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਗਵਾਨ ਕ੍ਰਿਸ਼ਣ ਨੇ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਖੜ੍ਹ ਕੇ ਗੀਤਾ ਦਾ ਉਪਦੇਸ਼ ਦਿੱਤਾ ਸੀ। ਇਸ ਇਤਿਹਾਸਕ ਧਰਤੀ ਦੀ ਮਹਾਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਜੋਤਿਸਰ ਵਿਖੇ ਵਿਕਾਸ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਬੰਧਤ ਅਧਿਕਾਰੀ ਯਕੀਨੀ ਬਣਾਉਣ ਕਿ ਇਹ ਸਾਰੇ ਪ੍ਰੋਜੈਕਟ ਨਿਰਧਾਰਤ ਸਮੇਂ ਅੰਦਰ ਪੂਰੇ ਹੋਣ।

