ਚੰਡੀਗੜ੍ਹ: ਪੰਜਾਬ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਸੱਤ ਮਹੀਨਿਆਂ ਬਾਅਦ ਪੰਜਾਬ ਵਾਪਿਸ ਆ ਗਿਆ ਹੈ। ਉਸਨੂੰ ਬੀਤੀ ਦੇਰ ਰਾਤ ਅਸਾਮ ਦੀ ਜੇਲ੍ਹ ਤੋਂ ਟਰਾਂਜ਼ਿਟ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਹੈ। ਪੁਲਿਸ ਉਸਨੂੰ ਸਵੇਰੇ 1 ਵਜੇ ਦੇ ਕਰੀਬ ਸਖ਼ਤ ਸੁਰੱਖਿਆ ਹੇਠ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈ ਆਈ, ਜਿੱਥੋਂ ਉਸਨੂੰ ਸਿੱਧਾ ਬਟਾਲਾ ਲਿਜਾਇਆ ਗਿਆ।ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਪੂਰੀ ਪ੍ਰਕਿਰਿਆ ਨੂੰ ਗੁਪਤ ਰੱਖਿਆ ਗਿਆ ਸੀ।
ਜੱਗੂ ਭਗਵਾਨਪੁਰੀਆ ਨੂੰ ਮਾਰਚ ਵਿੱਚ ਅਸਾਮ ਦੀ ਇੱਕ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉਸ ‘ਤੇ ਕਤਲ, ਜਬਰੀ ਵਸੂਲੀ ਅਤੇ ਗੈਂਗ ਵਾਰ ਸਮੇਤ ਕਈ ਗੰਭੀਰ ਦੋਸ਼ ਹਨ। ਪੁਲਿਸ ਸੂਤਰਾਂ ਅਨੁਸਾਰ, ਉਸਨੂੰ ਉਸਦੇ ਖਿਲਾਫ ਦਰਜ ਮਾਮਲਿਆਂ ਦੀ ਸੁਣਵਾਈ ਲਈ ਅੰਮ੍ਰਿਤਸਰ ਅਤੇ ਬਟਾਲਾ ਲਿਆਂਦਾ ਗਿਆ ਹੈ। ਪੁਲਿਸ ਨੇ ਉਸਦੀ ਪੇਸ਼ੀ ਲਈ ਪਹਿਲਾਂ ਹੀ ਸੁਰੱਖਿਆ ਵਧਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਜੱਗੂ ਭਗਵਾਨਪੁਰੀਆ ਦਾ ਨਾਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸਮੇਤ ਕਈ ਹਾਈ-ਪ੍ਰੋਫਾਈਲ ਮਾਮਲਿਆਂ ਵਿੱਚ ਸਾਹਮਣੇ ਆਇਆ ਹੈ। ਪੁਲਿਸ ਹੁਣ ਉਸਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਸੰਭਾਵਿਤ ਸੁਰੱਖਿਆ ਖਤਰਿਆਂ ਦੇ ਮੱਦੇਨਜ਼ਰ ਵਾਧੂ ਬਲ ਤਾਇਨਾਤ ਕਰਨ ਦੀ ਤਿਆਰੀ ਕਰ ਰਹੀ ਹੈ।

