ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਲੇਬਰ-ਡੇਅ ਵੀਕਐਂਡ ਨੂੰ ਮੁੱਖ ਰੱਖਦਿਆਂ ਸਾਊਥ ਕੈਲੀਫੋਰਨੀਆਂ ਦੇ ਸ਼ਹਿਰ ਅਰਵਿੰਗ ਵਿੱਚ ਚੋਣਵੀਆਂ ਸਾਕਰ ਕਲੱਬਾਂ ਦਾ ਸ਼ਾਨਦਾਰ ਟੂਰਨਾਮੈਂਟ ਬੜੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ।
ਇਹ ਟੂਰਨਾਮੈਂਟ ਕਰੋਨਾਂ ਮਹਾਮਾਰੀ ਦੇ ਟੀਕਾਕਰਨ ਤੋਂ ਬਾਅਦ ਕਰਵਾਇਆ ਗਿਆ ਪਹਿਲਾ ਵੱਡਾ ਟੂਰਨਾਮੈਂਟ ਸੀ। ਇਸ ਟੂਰਨਾਮੈਂਟ ਵਿੱਚ 6 ਸਾਕਰ ਕਲੱਬਾਂ ਨੇ ਭਾਗ ਲਿਆ ਅਤੇ ਫਸਵੇ ਫ਼ਾਈਨਲ ਮੁਕਾਬਲੇ ਵਿੱਚ ਫਰਿਜ਼ਨੋ ਲਾਇਨਜ਼ ਕਲੱਬ ਨੇ ਸਿਟੀ ਆਫ ਤਮੈਕੁਲਾ ਦੀ ਟੀਮ ਨੂੰ 2-1 ਨਾਲ ਹਰਾਕੇ ਖਿਤਾਬ ਆਪਣੇ ਨਾਮ ਕੀਤਾ।
ਪੰਜਾਬੀ ਭਾਈਚਾਰੇ ਲਈ ਇਹ ਜਿੱਤ ਇਸ ਕਰਕੇ ਵੀ ਖ਼ਾਸ ਰਹੀ ਕਿਉਕੇ ਲਾਇਨਜ਼ ਕਲੱਬ ਫਰਿਜ਼ਨੋ ਦਾ ਕੈਪਟਨ 17 ਸਾਲਾ ਇੰਦਰਪਾਲ ਪੰਜਾਬੀ ਹੈ ਅਤੇ ਇੰਦਰਪਾਲ ਦੀ ਕਪਤਾਲੀ ਹੇਠ ਲਾਇਨਜ਼ ਕਲੱਬ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਹਰ ਕੋਈ ਇੰਦਰਪਾਲ ਦੀ ਖੇਡ ਦੀ ਤਰੀਫ਼ ਕਰਦਾ ਨਜ਼ਰ ਆਇਆ ‘ਤੇ ਇਹ ਮੌਕਾ ਪੰਜਾਬੀ ਭਾਈਚਾਰੇ ਲਈ ਖ਼ਾਸ ਮਾਣ ਵਾਲਾ ਹੋ ਨਿਬੜਿਆ।
ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਇੰਦਰਪਾਲ ਉੱਘੇ ਸੰਗੀਤਕਾਰ ਅਤੇ ਗੀਤਕਾਰ ਪੱਪੀ ਭਦੌੜ ਦਾ ਭਾਣਜਾ ਹੈ, ਅਤੇ ਇੰਦਰਪਾਲ ਨੇ ਆਪਣੇ ਮਾਪੇ ਜਿੰਦਰ ਅਤੇ ਰਾਣੀ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ। ਇੰਦਰਪਾਲ ਦਾ ਵੱਡਾ ਭਰਾ ਵੀ ਸਾਕਰ ਦਾ ਚੋਟੀ ਦਾ ਖਿਡਾਰੀ ਹੈ।