ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਨੂੰ ਆਪ ਨੇ ਵੱਡਾ ਝੱਟਕਾ ਦਿੱਤਾ ਹੈ। ਭਾਜਪਾ ਦੇ ਚਾਰ ਵਾਰ ਵਿਧਾਇਕ ਰਹੇ ਹਰਸ਼ਰਣ ਸਿੰਘ ਬੱਲੀ ਸ਼ਨੀਵਾਰ ਨੂੰ ਆਪ ਵਿਚ ਸ਼ਾਮਲ ਹੋ ਗਏ। ਪਾਰਟੀ ਦੇ ਮੁੱਖ ਦਫਤਰ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਸਨ।
ਬੱਲੀ 1993 ਤੋਂ 2013 ਤੱਕ ਹਰੀਨਗਰ ਤੋਂ ਵਿਧਾਇਕ ਰਹੇ ਹਨ ਅਤੇ ਭਾਜਪਾ ਦੀ ਮਦਨ ਲਾਲ ਖੁਰਾਨਾ ਸਰਕਾਰ ਵਿੱਚ ਮੰਤਰੀ ਵੀ ਰਹੇ ਸਨ। ਉਹ ਦਿੱਲੀ ਸਰਕਾਰ ਵਿੱਚ ਪਹਿਲੇ ਸਿੱਖ ਮੰਤਰੀ ਸਨ। ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੱਲੀ ਨੇ ਕਿਹਾ ਕਿ ਉਹ ਅਰਦਾਸ ਕਰਦੇ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਚੋਣ ਵਿੱਚ ਸਫ਼ਲਤਾ ਮਿਲੇ। ਕੇਜਰੀਵਾਲ ਸਰਕਾਰ ਦੇ ਵਿਕਾਸ ਕਾਰਜਾਂ, ਇਮਾਨਦਾਰੀ ਅਤੇ ਕੰਮ ਦੇ ਆਧਾਰ ਤੇ ਉਹ ਜਨਤਾ ਤੋਂ ਵੋਟ ਮੰਗਣ ਜਾਣਗੇ। ਉਨ੍ਹਾਂ ਨੇ ਕਿਹਾ ਕੇਜਰੀਵਾਲ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਜਾਦੂ ਕਰਕੇ ਵਿਖਾਇਆ ਹੈ।
ਬੱਲੀ ਨੇ ਕਿਹਾ ਦਿੱਲੀ ਦਾ ਪਹਿਲਾਂ ਸਿੱਖ ਮੰਤਰੀ ਬਣਨ ਦਾ ਮੌਕਾ ਉਨ੍ਹਾਂ ਨੂੰ ਮਦਨ ਲਾਲ ਖੁਰਾਨਾ ਨੇ ਦਿੱਤਾ ਤੇ ਉਹ 20 ਸਾਲ ਤੱਕ ਦਿੱਲੀ ਦੇ ਵਿਧਾਇਕ ਵੀ ਰਹੇ।
ਭਾਜਪਾ ਛੱਡਣ ਵਾਰੇ ਪੁੱਛੇ ਜਾਣ ਤੇ ਬੱਲੀ ਨੇ ਕੋਈ ਸਿੱਧਾ ਕਾਰਨ ਨਹੀਂ ਦੱਸਿਆ। ਉਨ੍ਹਾਂ ਨੇ ਕਿਹਾ ਭਾਜਪਾ ਤੋਂ ਉਨ੍ਹਾਂ ਨੇ ਟਿਕਟ ਨਹੀਂ ਮੰਗੀ ਸੀ ਅਤੇ ਨਾ ਹੀ ਹੁਣ ਚੋਣ ਲੜਨ ਦੀ ਕੋਈ ਇੱਛਾ ਸੀ। ਉਨ੍ਹਾਂ ਨੂੰ ਭਾਜਪਾ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਉਨ੍ਹਾਂ ਨੂੰ ਕੇਜਰੀਵਾਲ ਦਾ ਕੰਮ ਚੰਗਾ ਲੱਗਿਆ ਇਸ ਲਈ ਉਹ ਆਪ ਵਿੱਚ ਸ਼ਾਮਲ ਹੋਏ ਹਨ।