ਟੋਰਾਂਟੋ: ਟੋਰਾਂਟੋ ਵਿਖੇ ਟੀ.ਟੀ.ਸੀ. ਮੁਲਾਜ਼ਮਾਂ ਦੀ ਕੁੱਟਮਾਰ ਦੇ ਮਾਮਲੇ ‘ਚ ਪੁਲਿਸ ਨੇ 13-13 ਸਾਲ ਦੀ ਉਮਰ ਦੇ ਚਾਰ ਅਲ੍ਹੜਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਦੂਜੇ ਪਾਸੇ ਇੱਕ ਸੀ.ਸੀ.ਟੀ.ਵੀ. ਫੁਟੇਜ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਸਕਾਰਬੋਅ ਦੇ ਕੈਨੇਡੀ ਰੋਡ ਅਤੇ ਮੈਰੀਅਨ ਰੋਡ ‘ਤੇ ਇਕ ਬੱਸ ਖੜੀ ਹੈ ਅਤੇ ਲਗਭਗ ਇੱਕ ਦਰਜਨ ਨੌਜਵਾਨ ਧੱਕਾਮੁਕੀ ਕਰ ਰਹੇ ਹਨ ਪਰ ਪੁਲਿਸ ਨੇ ਫ਼ਿਲਹਾਲ ਤਸਦੀਕ ਨਹੀਂ ਕੀਤਾ ਕਿ ਇਹ ਵੀਡੀਓ ਟੀ.ਟੀ.ਸੀ. ਮੁਲਾਜ਼ਮਾਂ ਉੱਪਰ ਹਮਲੇ ਨਾਲ ਸਬੰਧਤ ਹੈ ਜਾਂ ਨਹੀਂ।
ਪੁਲਿਸ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਜੇ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਅੱਗੇ ਆਵੇ। ਯੂਥ ਕ੍ਰਿਮੀਨਲ ਜਸਟਿਸ ਐਕਟ ਨੂੰ ਧਿਆਨ ‘ਚ ਰਖਦਿਆਂ ਗ੍ਰਿਫ਼ਤਾਰ ਕੀਤੇ ਚਾਰ ਜਣਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਇਸੇ ਦੌਰਾਨ ਟੀ.ਟੀ.ਸੀ. ਮੁਲਾਜ਼ਮਾਂ ਦੀ ਯੂਨੀਅਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਬੱਸ ਬਹੁਤ ਹੋ ਚੁੱਕਿਆ ਹੈ। ਸਾਡੇ ਮੈਂਬਰ ਹਰ ਰੋਜ਼ ਡਰ ਦੇ ਪਰਛਾਵੇਂ ਹੇਠ ਕੰਮ ‘ਤੇ ਨਹੀਂ ਜਾ ਸਕਦੇ ਜਿਨ੍ਹਾਂ ਦੀ ਜਾਨ ਹਰ ਵੇਲੇ ਮੁੱਠੀ ‘ਚ ਆਈ ਰਹਿੰਦੀ ਹੈ।
ਜ਼ਿਕਰਯੋਗ ਹੈ ਕਿ ਟੀ.ਟੀ.ਸੀ. ਮੁਲਾਜ਼ਮਾਂ ਦੀ ਕੁੱਟਮਾਰ ਉਸ ਵਾਰਦਾਤ ਤੋਂ ਦੋ ਦਿਨ ਬਾਅਦ ਵਾਪਰੀ ਜਿਸ ਤਹਿਤ ਟੀ.ਟੀ.ਸੀ. ਦੀ ਇੱਕ ਮਹਿਲਾ ਮੁਲਾਜ਼ਮ ਉਪਰ ਬੀ.ਬੀ. ਗੰਨ ਨਾਲ ਹਮਲਾ ਕੀਤਾ ਗਿਆ। 24ਸਾਲ ਦੀ ਅਲੈਗਜ਼ੈਂਡਰਾ ਨੇ ਦੱਸਿਆ ਕਿ ਇਹ ਘਟਨਾਵਾਂ ਅਚਾਨਕ ਨਹੀਂ ਵਾਪਰ ਰਹੀਆਂ ਸਗੋਂ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ। ਟੀ.ਟੀ.ਸੀ. ਦੀ ਉਡੀਕ ਕਰ ਰਹੇ ਮੁਲਾਜ਼ਮ ਅਤੇ ਮੁਸਾਫ਼ਰ ਬਿਲਕੁਲ ਵੀ ਸੁਰੱਖਿਅਤ ਨਹੀਂ ਅਤੇ ਇਨ੍ਹਾਂ ਹਿੰਸਕ ਘਟਨਾਵਾਂ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।