ਨਵੀਂ ਦਿੱਲੀ: ਭਾਰਤ ਦੇ ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ 22 ਜੁਲਾਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫੇ ਦੇ ਪਿੱਛੇ ਉਨ੍ਹਾਂ ਨੇ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੱਤਾ ਸੀ। ਅਸਤੀਫੇ ਤੋਂ ਬਾਅਦ ਜਗਦੀਪ ਧਨਖੜ ਸਾਹਮਣੇ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਦਾ ਕੋਈ ਬਿਆਨ ਸਾਹਮਣੇ ਆਇਆ। ਹਾਲਾਂਕਿ, ਹੁਣ ਉਨ੍ਹਾਂ ਨੇ ਰਾਜਸਥਾਨ ਵਿਧਾਨ ਸਭਾ ਵਿੱਚ ਪੈਨਸ਼ਨ ਲਈ ਅਰਜ਼ੀ ਦਿੱਤੀ ਹੈ।
ਜਗਦੀਪ ਧਨਖੜ ਦੀ ਅਰਜ਼ੀ ਨੂੰ ਵਿਧਾਨ ਸਭਾ ਸਕੱਤਰੇਤ ਨੇ ਸਵੀਕਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਧਨਖੜ ਰਾਜਸਥਾਨ ਦੀ ਦਸਵੀਂ ਵਿਧਾਨ ਸਭਾ ਦੇ ਮੈਂਬਰ ਰਹੇ ਸਨ। ਸਾਲ 1993 ਵਿੱਚ ਕਾਂਗਰਸ ਦੀ ਟਿਕਟ ’ਤੇ ਅਜਮੇਰ ਜ਼ਿਲ੍ਹੇ ਦੀ ਕਿਸ਼ਨਗੜ੍ਹ ਸੀਟ ਤੋਂ ਚੋਣ ਜਿੱਤ ਕੇ ਉਹ ਵਿਧਾਇਕ ਬਣੇ ਸਨ।
ਵਿਧਾਨ ਸਭਾ ਸਪੀਕਰ ਵਾਸੂਦੇਵ ਦੇਵਨਾਨੀ ਨੇ ਕਿਹਾ, “ਸਾਬਕਾ ਉਪ-ਰਾਸ਼ਟਰਪਤੀ ਦੀ ਪੈਨਸ਼ਨ ਲਈ ਅਰਜ਼ੀ ਆਈ ਹੈ, ਅਤੇ ਕਾਰਵਾਈ ਪ੍ਰਕਿਰਿਆ ਜਾਰੀ ਹੈ।” ਉਪ-ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਜਗਦੀਪ ਧਨਖੜ ਨੇ ਕਿਸੇ ਚੀਜ਼ ਲਈ ਅਰਜ਼ੀ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਨੇ ਹੁਣ ਤੱਕ ਆਪਣੇ ਰਿਹਾਇਸ਼ ਸਬੰਧੀ ਵਿਭਾਗ ਨੂੰ ਕੋਈ ਅਰਜ਼ੀ ਨਹੀਂ ਦਿੱਤੀ।
ਧਨਖੜ ਨੂੰ ਕਿੰਨੀ ਮਿਲੇਗੀ ਪੈਨਸ਼ਨ?
ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਰਾਜਸਥਾਨ ਵਿਧਾਨ ਸਭਾ ਵਿੱਚ ਵਿਧਾਇਕ ਰਹੇ ਹਨ। ਰਾਜਸਥਾਨ ਵਿੱਚ ਸਾਬਕਾ ਵਿਧਾਇਕਾਂ ਨੂੰ 35,000 ਰੁਪਏ ਦੀ ਪੈਨਸ਼ਨ ਮਿਲਦੀ ਹੈ। ਜੇਕਰ ਸਾਬਕਾ ਵਿਧਾਇਕ 70 ਸਾਲ ਤੋਂ ਵੱਧ ਉਮਰ ਦਾ ਹੈ, ਤਾਂ ਉਸ ਨੂੰ 20% ਵਾਧੂ ਅਤੇ 80 ਸਾਲ ਦੀ ਉਮਰ ’ਤੇ 30% ਵਾਧੂ ਪੈਨਸ਼ਨ ਮਿਲਦੀ ਹੈ। ਧਨਖੜ ਦੀ ਉਮਰ ਇਸ ਵੇਲੇ 74 ਸਾਲ ਹੈ, ਇਸ ਲਈ ਉਨ੍ਹਾਂ ਨੂੰ 20% ਵਾਧੂ ਪੈਨਸ਼ਨ ਨਾਲ ਲਗਭਗ 42,000 ਰੁਪਏ ਦੀ ਪੈਨਸ਼ਨ ਮਿਲੇਗੀ।
ਧਨਖੜ ਨੇ ਆਪਣੇ ਸਿਆਸੀ ਕਰੀਅਰ ਵਿੱਚ ਕਈ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ। 1989 ਤੋਂ 1991 ਤੱਕ ਉਹ ਝੁੰਝੁਨੂ ਲੋਕ ਸਭਾ ਹਲਕੇ ਤੋਂ ਜਨਤਾ ਦਲ ਦੇ ਸੰਸਦ ਮੈਂਬਰ ਰਹੇ। ਇਸ ਤੋਂ ਬਾਅਦ 1993 ਵਿੱਚ ਕਾਂਗਰਸ ਦੀ ਟਿਕਟ ’ਤੇ ਕਿਸ਼ਨਗੜ੍ਹ ਤੋਂ ਵਿਧਾਇਕ ਚੁਣੇ ਗਏ। 2019 ਤੋਂ 2022 ਤੱਕ ਉਹ ਪੱਛਮੀ ਬੰਗਾਲ ਦੇ ਰਾਜਪਾਲ ਅਤੇ 2022 ਤੋਂ 2025 ਤੱਕ ਭਾਰਤ ਦੇ ਉਪ-ਰਾਸ਼ਟਰਪਤੀ ਵਜੋਂ ਸੇਵਾਵਾਂ ਦਿੱਤੀਆਂ।
ਜਗਦੀਪ ਧਨਖੜ ਨੇ ਸਿਹਤ ਸਮੱਸਿਆਵਾਂ ਦੇ ਕਾਰਨ ਉਪ-ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਵਿਰੋਧੀ ਧਿਰ ਨੇ ਕਈ ਸਵਾਲ ਉਠਾਏ ਸਨ। ਦੂਜੇ ਪਾਸੇ, ਹਾਲ ਹੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਇੰਟਰਵਿਊ ਵਿੱਚ ਸਪੱਸ਼ਟ ਕੀਤਾ ਸੀ ਕਿ ਜਗਦੀਪ ਧਨਖੜ ਨੇ ਸਿਹਤ ਕਾਰਨਾਂ ਕਰਕੇ ਹੀ ਅਸਤੀਫਾ ਦਿੱਤਾ ਸੀ