ਜਲੰਧਰ: ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦੇ ਲਈ ਹੁਣ ਪੰਜਾਬ ਦੇ ਸਾਬਕਾ ਖਿਡਾਰੀ ਵੀ ਮੈਦਾਨ ‘ਚ ਨਿੱਤਰੇ ਹਨ। ਜਿਸ ਤਹਿਤ 37 ਸਾਬਕਾ ਖਿਡਾਰੀਆਂ ਨੇ ਦਿੱਲੀ ਨੂੰ ਕੂਚ ਕਰ ਲਿਆ ਹੈ। ਇਹ ਸਾਰੇ ਖਿਡਾਰੀ ਜਲੰਧਰ ‘ਚ ਇਕੱਠੇ ਹੋਏ ਸਨ ਇਸ ਤੋਂ ਬਾਅਦ ਇਨ੍ਹਾਂ ਨੇ ਹੁਣ ਪੈਂਡੇ ਦਿੱਲੀ ਵੱਲ ਨੂੰ ਕਰ ਲਏ ਹਨ। ਇਹ ਸਾਰੇ ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਆਪਣੇ ਐਵਾਰਡ ਵਾਪਸ ਕਰਨਗੇ।
ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਾਸ਼ਟਰਪਤੀ ਭਵਨ ਤਕ ਐਵਾਰਡ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਜੇਕਰ ਰਾਸ਼ਟਰਪਤੀ ਨੇ ਮਿਲਣ ਦਾ ਸਮਾਂ ਨਾ ਦਿੱਤਾ ਤਾਂ ਇਹ ਐਵਾਰਡ ਰਾਸ਼ਟਰਪਤੀ ਭਵਨ ਦੇ ਬਾਹਰ ਹੀ ਰੱਖ ਦਿੱਤੇ ਜਾਣਗੇ।
ਇਨ੍ਹਾਂ ਖਿਡਾਰੀਆਂ ਵਿੱਚ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਜਿਨ੍ਹਾਂ ਨੂੰ ਪਦਮ ਸ੍ਰੀ ਐਵਾਰਡ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਾਕੀ ਦੀ ਖਿਡਾਰਨ ਰਾਜਬੀਰ ਕੌਰ, ਹਾਕੀ ਦੇ ਸਾਬਕਾ ਖਿਡਾਰੀ ਅਜੀਤਪਾਲ ਸਿੰਘ ਬਾਕਸਰ ਕੌਰ ਸਿੰਘ ਸਣੇ ਹੋਰ ਵੱਡੀਆਂ ਸ਼ਖ਼ਸੀਅਤਾਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਉਹ ਕਿਸਾਨ ਦੇ ਪੁੱਤ ਹਨ ਅਤੇ ਕਿਸਾਨਾਂ ਦੇ ਨਾਲ ਹੀ ਖੜ੍ਹਨਗੇ ਕੇਂਦਰ ਸਰਕਾਰ ਨੂੰ ਆਪਣੇ ਖੇਤੀ ਕਾਨੂੰਨ ਵਾਪਸ ਕਰਨੇ ਪੈਣਗੇ ਜੇਕਰ ਉਹ ਨਹੀਂ ਮੰਨਦੀ ਤਾਂ ਫਿਰ ਇਹ ਅੰਦੋਲਨ ਲਗਾਤਾਰ ਜਾਰੀ ਰਹੇਗਾ।