ਓਟਵਾ : ਭੁਪਿੰਦਰਪਾਲ ਗਿੱਲ ਅਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੂੰ ਇੱਕ ਵਾਰ ਮੁੜ ਤਿੰਨ ਬੱਚਿਆਂ ਦੀ ਮਾਂ ਜਗਤਾਰ ਕੌਰ ਗਿੱਲ ਦੇ ਕਤਲ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸੁਪੀਰੀਅਰ ਕੋਰਟ ਦੀ ਜੱਜ ਐਨੀ ਵਿਨਸਟੀਨ ਨੇ ਦੋਹਾਂ ਨੂੰ ਫਰਸਟ ਡਿਗਰੀ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। ਭੁਪਿੰਦਰ ਗਿੱਲ ਅਤੇ ਗੁਰਪ੍ਰੀਤ ਰੋਨਾਲਡ ਨੂੰ ਸਜ਼ਾ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।
ਜਸਟਿਸ ਐਨੀ ਲੰਡਨ ਵਿਨਸਟੀਨ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਜੇ ਦੋਵਾਂ ਨੇ ਇਕੱਠੇ ਰਹਿਣ ਦਾ ਮਨ ਬਣਾ ਲਿਆ ਸੀ ਤਾਂ ਉਹ ਤਲਾਕ ਵੀ ਲੈ ਸਕਦੇ ਸਨ ਪਰ ਉਨ੍ਹਾਂ ਨੇ ਕਤਲ ਦਾ ਰਾਹ ਕਿਉਂ ਚੁਣਿਆ। ਫ਼ੈਸਲੇ ਮੁਤਾਬਕ ਗੁਰਪ੍ਰੀਤ ਰੋਨਾਲਡ ਨੇ ਕਤਲ ਨੂੰ ਅੰਜਾਮ ਦਿੱਤਾ ਅਤੇ ਜਗਤਾਰ ਕੌਰ ਗਿੱਲ ’ਤੇ ਚਾਕੂ ਨਾਲ ਘੱਟੋ-ਘੱਟ 25 ਵਾਰ ਕੀਤੇ ਜਦਕਿ ਲੋਹੇ ਦੀ ਰਾਡ ਨਾਲ ਮਾਰ-ਮਾਰ ਕੇ ਜ਼ਖਮੀ ਕਰ ਦਿੱਤਾ। ਗੁਰਪ੍ਰੀਤ ਵਲੋਂ ਕਤਲ ਤੋਂ ਬਾਅਦ ਸਬੂਤ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵਾਰਦਾਤ ਵਾਲੀ ਥਾਂ ਤੋਂ ਮਿਲੇ ਡੀ.ਐਨ.ਏ. ਅਤੇ ਹੋਰ ਫੋਰਸਿਕ ਸੁਰਾਗ ਨੇ ਸਾਰੀ ਕਹਾਣੀ ਹੀ ਪਲਟ ਦਿੱਤੀ।

ਇਹ ਫ਼ੈਸਲਾ ਇਸ ਮਾਮਲੇ ਦੀ ਦੂਜੀ ਸੁਣਵਾਈ ਤੋਂ ਬਾਅਦ ਆਇਆ ਹੈ। ਇਹ ਦੋਵੇਂ ਪੰਜ ਸਾਲ ਪਹਿਲਾਂ ਜਗਤਾਰ ਗਿੱਲ ਦੇ ਕਤਲ ਮਾਮਲੇ ਵਿਚ ਦੋਸ਼ੀ ਪਾਏ ਗਏ ਸਨ। ਪਰ ਉਨਟਾਰੀਓ ਦੀ ਅਪੀਲ ਅਦਾਲਤ ਦੇ ਹੁਕਮਾਂ ‘ਤੇ ਮੁਕੱਦਮੇ ਦੀ ਸੁਣਵਾਈ ਨਵੇਂ ਸਿਰੇ ਤੋਂ ਕੀਤੀ ਗਈ ਤੇ ਹੁਣ ਦੂਜੀ ਸੁਣਵਾਈ ਤੋਂ ਬਾਅਦ ਦੋਵਾਂ ਨੂੰ ਮੁੜ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਜਗਤਾਰ ਕੌਰ ਗਿੱਲ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦਾ ਹਰਨੀਆ ਦਾ ਅਪਰੇਸ਼ਨ ਹੋਇਆ ਸੀ ਅਤੇ 29 ਜਨਵਰੀ 2014 ਨੂੰ ਵਿਆਹ ਦੀ 17ਵੀਂ ਵਰੇਗੰਢ ਵਾਲੇ ਦਿਨ ਕਤਲ ਕਰ ਦਿੱਤੀ ਗਈ। ਜਗਤਾਰ ਕੌਰ ਦਾ ਪਤੀ ਭੁਪਿੰਦਰਪਾਲ ਗਿੱਲ ਅਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਔਟਵਾ ਦੀ ਇਕ ਬੱਸ ਕੰਪਨੀ ਵਿਚ ਕੰਮ ਕਰਦੇ ਸਨ। ਜਿਊਰੀ ਮੁਤਾਬਕ ਦੋਹਾਂ ਨੇ ਮਿਲ ਕੇ ਜਗਤਾਰ ਕੌਰ ਦਾ ਕਤਲ ਕਰਨ ਦਾ ਫ਼ੈਸਲਾ ਕਰ ਲਿਆ ਤਾਂਕਿ ਇਸ ਤੋਂ ਬਾਅਦ ਇਕੱਠੇ ਰਹਿ ਸਕਣ। 2016 ‘ਚ ਅਦਾਲਤ ਨੇ ਭੁਪਿੰਦਰਪਾਲ ਸਿੰਘ ਗਿੱਲ ਅਤੇ ਗੁਰਪ੍ਰੀਤ ਰੋਨਾਲਡ ਨੂੰ ਦੋਸ਼ੀ ਐਲਾਨ ਦਿਤਾ ਪਰ ਉਨਟਾਰੀਓ ਦੀ ਅਪੀਲ ਅਦਾਲਤ ਦੇ ਹੁਕਮਾਂ ‘ਤੇ ਮੁਕੱਦਮੇ ਦੀ ਸੁਣਵਾਈ ਨਵੇਂ ਸਿਰੇ ਤੋਂ ਕੀਤੀ ਗਈ ਤੇ ਹੁਣ ਮੁੜ ਦੋਵਾਂ ਨੂੰ ਦੋਸ਼ੀ ਐਲਾਨਿਆ ਗਿਆ ਹੈ।