ਚੰਡੀਗੜ੍ਹ: ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਕਾਲਾ ਕਹਿਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੁਸੀਬਤ ਵਧਦੀ ਜਾ ਰਹੀ ਹੈ। ਰਾਸ਼ਟਰੀ ਐਸਸੀ ਕਮਿਸ਼ਨ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਸੱਤ ਦਿਨਾਂ ਦੇ ਅੰਦਰ ਕਾਰਵਾਈ ਲਈ ਤਲਬ ਕੀਤਾ ਹੈ। ਇਹ ਕਾਰਵਾਈ ਭਾਜਪਾ ਨੇਤਾ ਤਰੁਣ ਚੁੱਘ ਦੇ ਬਿਆਨਾਂ ਦੇ ਆਧਾਰ ‘ਤੇ ਕੀਤੀ ਹੈ।
ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਦੇ ਹੀ ਕੁੱਝ ਲੀਡਰਾਂ ਨੇ ਇੱਕ ਤਰ੍ਹਾਂ ਨਾਲ ਸ਼ੀਸ਼ਾ ਦਿਖਾਇਆ ਹੈ, ਕਿ ਦਲਿਤ ਦਾ ਮਜ਼ਾਕ ਉਡਾਉਣਾ ਜਾਂ ਉਹਨਾਂ ਨੂੰ ਅਜਿਹੀ ਸ਼ਬਦਾ ਨਾਲ ਸੰਬੋਧਿਤ ਕਰਨ ਠੀਕ ਨਹੀਂ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਐਮ.ਪੀ ਚਰਨਜੀਤ ਸਿੰਘ ਚੰਨੀ ਵੀ ਦਲਿਤ ਸਮਾਜ ‘ਚੋਂ ਆਉਂਦੇ ਹਨ।
ਚਰਨਜੀਤ ਸਿੰਘ ਚੰਨੀ ਨੇ ਰਾਜਾ ਵੜਿੰਗ ਦੇ ਬਿਆਨਾਂ ਦੀ ਇੱਕ ਤਰ੍ਹਾਂ ਨਾਲ ਨਿੰਦਾ ਵੀ ਕੀਤੀ ਅਤੇ ਭਾਈਚਾਰੇ ਅੱਗੇ ਇੱਕ ਮੰਗ ਵੀ ਰੱਖੀ ਹੈ। ਚਰਨਜੀਤ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਰਾਜਾ ਵੜਿੰਗ ਨੇ ਜੋ ਕਿਹਾ ਉਹ ਬਹੁਤ ਗਲਤ ਹੈ। ਅੜੇ ਸੋ ਝੜੇ ..ਸ਼ਰਨ ਪਏ ਸੋ ਤਰੇ , ਜਿਹੜਾ ਅੜੇਗਾ ਉਹ ਝੜ ਜਾਵੇਗਾ ਤੇ ਜਿਹੜਾ ਸ਼ਰਨ ਪਏਗਾ ਉਹ ਤਰ ਜਾਵੇਗਾ। ‘‘
ਚਰਨਜੀਤ ਸਿੰਘ ਚੰਨੀ ਨੇ ਅੱਗੇ ਕਿਹਾ, ‘‘ਰਾਜਾ ਵੜਿੰਗ ਨੇ ਕੌਮ ਤੋਂ ਮੁਆਫ਼ੀ ਮੰਗ ਲਈ ਹੈ ਅਤੇ ਮੈਂ ਸਮੂਚੀ ਕੌਮ ਨੂੰ ਬੇਨਤੀ ਕਰਦਾ ਹਾਂ ਕਿ ਰਾਜਾ ਵੜਿੰਗ ਦੀ ਮੁਆਫ਼ੀ ਸਵਿਕਾਰ ਕੀਤੀ ਜਾਵੇ ਉਹਨਾਂ ਨੂੰ ਮੁਆਫ਼ ਕੀਤਾ ਜਾਵੇ।
ਤਰਨਤਾਰਨ ਉਪ-ਚੋਣ ਪ੍ਰਚਾਰ ਦੌਰਾਨ, ਰਾਜਾ ਵੜਿੰਗ ਨੇ ਕਾਂਗਰਸ ਦੀ ਵਡਿਆਈ ਕਰਨ ਦੀ ਕੋਸ਼ਿਸ਼ ਵਿੱਚ ਸਾਬਕਾ ਕੇਂਦਰੀ ਗ੍ਰਹਿ ਮੰਤਰੀ, ਜੋ ਕਿ ਦਲਿਤ ਭਾਈਚਾਰੇ ਨਾਲ ਸਬੰਧਤ ਸਨ, ਮਰਹੂਮ ਬੂਟਾ ਸਿੰਘ ਬਾਰੇ ਇੱਕ ਟਿੱਪਣੀ ਕੀਤੀ ਸੀ।
ਰਾਜਾ ਵੜਿੰਗ ਨੇ ਕਿਹਾ, ‘‘ ਕਾਂਗਰਸ ਪਾਰਟੀ ਨੇ ਇੱਕ ਕਾਲੇ ਆਦਮੀ ਨੂੰ, ਜੋ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਲਈ ਪੱਠੇ ਵੱਢਦਾ ਸੀ ਉਸ ਨੂੰ ਕੇਂਦਰੀ ਗ੍ਰਹਿ ਮੰਤਰੀ ਬਣਾਇਆ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਵਾਦ ਨੂੰ ਵਧਦਾ ਦੇਖ ਕੇ ਸੋਸ਼ਲ ਮੀਡੀਆ ‘ਤੇ ਸਪੱਸ਼ਟੀਕਰਨ ਜਾਰੀ ਕੀਤਾ ਸੀ। ਜਿਸ ਵਿੱਚ ਰਾਜਾ ਵੜਿੰਗ ਨੇ ਕਿਹਾ, ‘‘ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ। ਮੇਰਾ ਇਰਾਦਾ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ। ਹਾਲਾਂਕਿ, ਜੇਕਰ ਕੋਈ ਨਾਰਾਜ਼ ਹੋਇਆ ਹੈ, ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ।’’

