ਸ਼ਹੀਦਾਂ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਗੁੰਗੀ-ਬੋਲੀ ਸਰਕਾਰ ਨੂੰ ਜਗਾਉਂਦੀ ਰਹੇਗੀ ‘ਆਪ’- ਅਮਨ ਅਰੋੜਾ

TeamGlobalPunjab
6 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅੱਜ ਕਿਸਾਨਾਂ ਦੀ ਆਵਾਜ਼ ਚੁੱਕਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਹਾਜ਼ਰੀ ਵਿੱਚ ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਸੈਂਟਰਲ ਹਾਲ ਵਿਚ ਆਪਣੇ ਜੁਮਲੇ ਬੋਲਣੇ ਸ਼ੁਰੂ ਕੀਤੇ ਤਾਂ ‘ਆਪ’ ਦੇ ਸੰਸਦ ਮੈਂਬਰਾਂ ਨੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਸਰਦ ਰਾਤਾਂ ਵਿੱਚ ਦਿੱਲੀ ਦੀ ਸਰਹੱਦ ‘ਤੇ ਬੈਠੇ ਪੰਜਾਬ, ਹਰਿਆਣਾ, ਯੂ.ਪੀ ਸਮੇਤ ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚੇ ਕਿਸਾਨਾਂ ਦੀ ਆਵਾਜ਼ ਮੋਦੀ ਤੱਕ ਪਹੁੰਚਾਉਣ ਦਾ ਯਤਨ ਕੀਤਾ, ਪ੍ਰੰਤੂ ਕਾਲੇ ਕਾਨੂੰਨਾਂ ਦੀ ਖ਼ਿਲਾਫ਼ਤ ਕਰ ਰਹੇ ਇਨ੍ਹਾਂ ਕਿਸਾਨਾਂ ਦੀ ਆਵਾਜ਼ ਉਠਾਉਣ ਵਾਲੀ ਸੰਸਦ ਮੈਂਬਰਾਂ ਨੂੰ ਬਿਨਾਂ ਗੌਲ਼ੇ ਹੀ ਮੋਦੀ ਉੱਥੋਂ ਖਿਸਕ ਗਏ। ਉਨ੍ਹਾਂ ਕਿਹਾ ਕਿ ਸੰਪੂਰਨ ਦੇਸ ਨੇ ਅੱਜ ਵੇਖ ਲਿਆ ਕਿ 56 ਇੰਚ ਦੀ ਛਾਤੀ ਦਾ ਦਾਅਵਾ ਕਰਨ ਵਾਲੇ ਮੋਦੀ ਆਮ ਆਦਮੀ ਪਾਰਟੀ ਦੇ ਦੋ ਸੰਸਦ ਮੈਂਬਰਾਂ ਦੇ ਕਿਸਾਨਾਂ ਸਬੰਧੀ ਸਵਾਲਾਂ ਤੋਂ ਤੋਂ ਡਰ ਕੇ ਚੁੱਪੀ ਧਾਰ ਗਏ।

ਅਰੋੜਾ ਨੇ ਕਿਹਾ ਕਿ ਜਿਸ ਤਰਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ ਸੈਂਟਰਲ ਹਾਲ ਅਸੈਂਬਲੀ ਦਿੱਲੀ ਵਿੱਚ ਬੰਬ ਸੁੱਟ ਕੇ ਆਪਣੀ ਆਵਾਜ਼ ਗੁੰਗੀ-ਬੋਲੀ ਬ੍ਰਿਟਿਸ਼ ਹਕੂਮਤ ਤਕ ਪਹੁੰਚਾਈ ਸੀ, ਉਸੇ ਤਰਾਂ ਹੀ ਦੇਸ਼ ਦੀ ਮਿੱਟੀ ਦੇ ਸਪੂਤਾਂ ਨੇ ਅੱਜ ਅੰਨਦਾਤਾ ਦੀ ਆਵਾਜ਼ ਉਠਾਉਣ ਲਈ ਅਸੈਂਬਲੀ ਵਿਚ ਪ੍ਰਧਾਨ ਮੰਤਰੀ ਦੇ ਸਾਹਮਣੇ ਹੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹੁਣ ਕਿਸਾਨਾਂ ਨਾਲ ਪੱਤਰ-ਪੱਤਰ ਅਤੇ ਮੀਟਿੰਗ-ਮੀਟਿੰਗ ਖੇਡ ਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਤੋਂ ਭਟਕਾਉਣਾ ਚਾਹੁੰਦੀ ਹੈ, ਪ੍ਰੰਤੂ ਉਨ੍ਹਾਂ ਨੂੰ ਇਹ ਵਹਿਮ ਹੈ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਬਿਨਾਂ ਮਨਵਾਏ ਹੀ ਵਾਪਸ ਮੁੜ ਜਾਣਗੇ।

ਮੋਦੀ ਖ਼ੁਦ ਜਾਣਦੇ ਹਨ ਕਿ ਉਨ੍ਹਾਂ ਦੇ ਕਾਨੂੰਨਾਂ ਵਿੱਚ ਤਰੁੱਟੀਆਂ ਹਨ ਅਤੇ ਇਨ੍ਹਾਂ ਨਾਲ ਕਿਸਾਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ ਇਸੇ ਕਾਰਨ ਹੀ ਉਹ ਉਨ੍ਹਾਂ ਦੀ ਰਿਹਾਇਸ਼ ਤੋਂ 20 ਕਿੱਲੋਮੀਟਰ ਦੂਰ ਬੈਠੇ ਕਿਸਾਨਾਂ ਨੂੰ ਮਿਲਣ ਤੋਂ ਡਰਦੇ ਹਨ ਸਗੋਂ ਆਪਣੇ ਚਹੇਤਿਆਂ ਨੂੰ ਕਿਸਾਨਾਂ ਦਾ ਰੂਪ ਦੇ ਕੇ ਉਨ੍ਹਾਂ ਨਾਲ ਸਕਾਈਪ ਅਤੇ ਜੂਮ ਦੇ ਰਾਹੀ ਆਪਣੇ ਮਨ ਕੀ ਬਾਤ ਕਰਕੇ ਸਮਾਂ ਲੰਘਾ ਰਹੇ ਹਨ। ਉਨ੍ਹਾਂ ਕਿਹਾ ਕਿ ਡਰਪੋਕ ਪ੍ਰਧਾਨ ਮੰਤਰੀ ਸੰਸਦ ਦਾ ਸ਼ੀਤਕਾਲੀਨ ਸੈਸ਼ਨ ਕਰਵਾਉਣ ਤੋਂ ਵੀ ਭੱਜੇ ਹਨ।

ਪ੍ਰਧਾਨ ਮੰਤਰੀ ਮੋਦੀ ਉੱਤੇ ਵਰ੍ਹਦਿਆਂ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਜਦੋਂ ਦੇਸ਼ ਦੇ ਕਿਸਾਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਬਾਰਡਰ ‘ਚ ਲੰਬੇ ਸਮੇਂ ਤੋਂ ਜੱਦੋਜਹਿਦ ਕਰ ਰਹੇ ਹਨ। ਉਸੇ ਸਮੇਂ ਪ੍ਰਧਾਨ ਮੰਤਰੀ ਮੋਦੀ ਸਰਮਾਏਦਾਰੀ ਦੇ ਵਿਚੋਲੇ ਬਣ ਕੇ ਇਨ੍ਹਾਂ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਉੱਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਉਨ੍ਹਾਂ ਦੀ ਮੰਤਰੀ ਕਿਸਾਨਾਂ ਬਾਰੇ ਭਰਮ ਫੈਲਾ ਕੇ ਇਸ ਸ਼ਾਂਤਮਈ ਅੰਦੋਲਨ ਨੂੰ ਖ਼ਤਮ ਕਰਨ ਉੱਤੇ ਲੱਗੇ ਹੋਏ ਹਨ। ਮੋਦੀ ਸਰਕਾਰ ਨੂੰ ਆਪਣੀ ਜੀਦ ਛੱਡਦੇ ਹੋਏ ਇਨ੍ਹਾਂ ਧਨਾਢਾਂ ਦਾ ਪੱਖ ਪੂਰਨ ਦੀ ਥਾਂ ਦੇਸ਼ ਦੇ ਅੰਨਦਾਤਾ ਨਾਲ ਖੜਨਾ ਚਾਹੀਦਾ ਹੈ ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

ਆਮ ਆਦਮੀ ਪਾਰਟੀ ਨੂੰ ਆਪਣੇ ਸੰਸਦ ਮੈਂਬਰਾਂ ਉੱਤੇ ਮਾਣ ਹੈ ਕਿ ਉਨ੍ਹਾਂ ਨੇ ਇਕ ਘਮੰਡੀ ਸ਼ਾਸਕ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਆਮ ਕਿਸਾਨਾਂ ਦੀ ਮੰਗ ਨੂੰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਹ ਉਸੇ ਹਾਲ ਵਿੱਚ ਕਿਸਾਨਾਂ ਦੇ ਸਕੇ ਬਣਨ ਵਾਲੀ ਕਾਂਗਰਸ ਦੇ ਵੀ ਕੁੱਝ ਸੰਸਦ ਮੈਂਬਰ ਮੌਜੂਦ ਸਨ, ਪ੍ਰੰਤੂ ਉਨ੍ਹਾਂ ਨੇ ਇਸ ਮੁੱਦੇ ਉੱਤੇ ਇਕ ਸ਼ਬਦ ਵੀ ਬੋਲਣਾ ਮੁਨਾਸਬ ਨਹੀਂ ਸਮਝਿਆ। ਇਹ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਵਿੱਚ ਬੈਠ ਕੇ ਆਰਾਮ ਨਾਲ ਇਸ ਤਮਾਸ਼ੇ ਨੂੰ ਵੇਖ ਰਹੇ ਹਨ ਅਤੇ ਕਦੇ ਵੀ ਨਰਿੰਦਰ ਮੋਦੀ ਨਾਲ ਇਸ ਮੁੱਦੇ ਉੱਤੇ ਗੱਲਬਾਤ ਕਰਨ ਨੂੰ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵੱਲੋਂ ਜੰਤਰ ਮੰਤਰ ਉੱਤੇ ਧਰਨੇ ਦਾ ਡਰਾਮਾ ਕਰਨਾ ਅਸਲ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਹੀ ਇੱਕ ਚਾਲ ਹੈ। ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਧਰਮ-ਪਤਨੀ ਹਰਸਿਮਰਤ ਬਾਦਲ ਉੱਤੇ ਵਰ੍ਹਦਿਆਂ ਅਰੋੜਾ ਨੇ ਕਿਹਾ ਕਿ ਉਹ ਤਾਂ ਇਸ ਕਿਸਾਨ ਅੰਦੋਲਨ ਦੇ ਦੌਰਾਨ ਰੂਪੋਸ਼ ਹੀ ਹੋ ਗਏ ਹਨ, ਜਦੋਂਕਿ ‘ਆਪ’ ਦੇ ਸੰਸਦ ਮੈਂਬਰ ਕਿਸਾਨਾਂ ਦੀ ਆਵਾਜ਼ ਨੂੰ ਪ੍ਰਧਾਨ ਮੰਤਰੀ ਮੋਦੀ ਤੱਕ ਪਹੁੰਚਾਉਣ ਦਾ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਨਰਿੰਦਰ ਮੋਦੀ ਖ਼ਿਲਾਫ਼ ਇਕ ਵੀ ਸ਼ਬਦ ਨਾ ਬੋਲਣ ਦਾ ਕਾਰਨ ਹੈ ਕਿ ਉਹ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਮਿਲੇ ਹੋਏ ਹਨ ਅਤੇ ਇਸ ਕਿਸਾਨ ਅੰਦੋਲਨ ਨੂੰ ਗ਼ਲਤ ਰੰਗਤ ਦੇ ਕੇ ਖ਼ਤਮ ਕਰਵਾਉਣਾ ਹੀ ਉਨ੍ਹਾਂ ਦਾ ਆਖ਼ਰੀ ਟੀਚਾ ਹੈ। ‘ਆਪ’ ਨੂੰ ਦੂਸਰਿਆਂ ਦੀ ਬੀ ਟੀਮ ਕਹਿਣ ਵਾਲੇ ਕਾਂਗਰਸ ਅਤੇ ਅਕਾਲੀ ਦਲ ਅਸਲ ਵਿੱਚ ਦੋ-ਮੂੰਹੇਂ ਹਨ।

Share This Article
Leave a Comment