ਚੰਡੀਗੜ੍ਹ, (ਅਵਤਾਰ ਸਿੰਘ): ਦਰਵੇਸ਼ ਸਿਆਸਤਦਾਨ ਅਤੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਪੰਜ ਵਾਰ ਵਿਧਾਇਕ ਰਹੀ ਅਤੇ ਦੋ ਵਾਰ ਪੰਜਾਬ ਦੀ ਕੈਬਨਿਟ ਵਿੱਚ ਮੰਤਰੀ ਰਹੇ ਬੀਬੀ ਸਤੰਵਤ ਕੌਰ ਸੰਧੂ (81) ਪਤਨੀ ਸਵ: ਵਿਧਾਇਕ ਅਜਾਇਬ ਸਿੰਘ ਸੰਧੂ ਦਾ ਦੇਰ ਰਾਤ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸਨ ਅਤੇ ਕਰੋਨਾ ਦੀ ਬਿਮਾਰੀ ਤੋਂ ਵੀ ਪੀੜ੍ਹਤ ਹੋ ਗਏ ਸਨ। ਉਨ੍ਹਾਂ ਨੇ ਬੀਤੀ ਦੇਰ ਰਾਤ ਅੰਤਿਮ ਸਾਹ ਲਿਆ। ਬੀਬੀ ਸੰਧੂ ਦੀ ਸਾਰੀ ਸਰਗਰਮ ਸਿਆਸਤ ਇੰਨੀ ਬੇਦਾਗ ਰਹੀ ਕਿ ਕੋਈ ਸਿਆਸੀ ਵਿਰੋਧੀ ਵੀ ਉਨ੍ਹਾਂ ਉੱਤੇ ਉਂਗਲ ਨਹੀਂ ਚੁੱਕ ਸਕਿਆ। ਸੁਭਾਅ ਦੇ ਬੇਹੱਦ ਮਿਲਾਪੜੇ ਵਿਧਾਇਕਾ ਭਾਵੇਂ ਸੱਤਾ ਵਿੱਚ ਰਹੇ ਜਾਂ ਸੱਤਾ ਤੋਂ ਬਾਹਰ ਪਰ ਹਲਕੇ ਦੇ ਹਰ ਇੱਕ ਵਿਅਕਤੀ ਦੀ ਉਨ੍ਹਾਂ ਤੱਕ ਸਿੱਧੀ ਪਹੁੰਚ ਸੀ ਅਤੇ ਕਿਸੇ ਵੀ ਵਿਅਕਤੀ ਦੀ ਸਮੱਸਿਆ ਦਾ ਹੱਲ ਲੱਭਣਾ ਉਹ ਆਪਣਾ ਧਰਮ ਸਮਝਦੇ ਸਨ। ਹਾਲਾਂਕਿ ਉਨ੍ਹਾਂ ਨੂੰ ਸਿਆਸਤ ਦੌਰਾਨ ਇਕ ਵੱਡਾ ਸਦਮਾ ਵੀ ਲੱਗਿਆ ਜਿਸ ਵਿੱਚ ਜਵਾਨ ਪੁੱਤਰ ਲਾਲੀ ਦੀ ਬੇਵਕਤ ਮੌਤ ਹੋ ਗਈ ਸੀ, ਪਰ ਉਹ ਹਲਕੇ ਦੀ ਸੇਵਾ ਵਿੱਚ ਜੁਟੇ ਰਹੇ।
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਉਨ੍ਹਾਂ ਦਾ ਪਾਰਟੀ ਦੇ ਵਫ਼ਾਦਾਰ ਅਤੇ ਸਿਰੜ ਵਾਲੇ ਆਗੂ ਵਜੋਂ ਸਤਿਕਾਰ ਕਰਦੇ ਸਨ। ਉਨ੍ਹਾਂ ਬੀਬੀ ਸੰਧੂ ਦੇ ਪੁੱਤਰ ਅਤੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਅਤੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਬੀਬੀ ਸੰਧੂ ਦਾ ਮੁਹਾਲੀ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅਕਾਲੀ ਦਲ ਦੀ ਹਲਕੇ ਦੀ ਸਮੁੱਚੀ ਲੀਡਰਸ਼ਿਪ ਨੇ ਬੀਬੀ ਸੰਧੂ ਦੇ ਦੇਹਾਂਤ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।