ਨਵੀਂ ਦਿੱਲੀ: ਭਾਰਤੀ ਫੌਜ ਦੇ ਇੱਕ ਜਵਾਨ ਵਿੱਚ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ ਇਹ ਜਵਾਨ ਲੱਦਾਖ ਸਕਾਊਟ ਦਾ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਪਿਤਾ ਈਰਾਨ ਦੀ ਯਾਤਰਾ ਤੋਂ ਪਰਤੇ ਸਨ ਜਿਨ੍ਹਾਂ ਦੀ ਜਾਂਚ ਵਿਚ ਵੀ ਪਾਜ਼ਿਟਿਵ ਪਾਈ ਗਈ ਹੈ। ਜਵਾਨ ਦਾ ਇਲਾਜ ਚੱਲ ਰਿਹਾ ਹੈ ਜਦਕਿ ਉਨ੍ਹਾਂ ਦੀ ਪਤਨੀ ਭੈਣ ਸਣੇ ਹੋਰ ਪਰਿਵਾਰ ਦੇ ਮੈਂਬਰਾਂ ਨੂੰ ਆਈਸੋਲੇਟ ਕੀਤਾ ਗਿਆ ਹੈ।
ਹਾਲ ਹੀ ਵਿੱਚ ਬ੍ਰਿਟੇਨ ਦੀ ਯਾਤਰਾ ਤੋਂ ਪਰਤੇ 18 ਸਾਲਾ ਨੌਜਵਾਨ ਦੀ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਮੰਗਲਵਾਰ ਨੂੰ ਪਾਜ਼ਿਟਿਵ ਆਈ ਹੈ। ਇਸ ਦੇ ਨਾਲ ਹੀ ਇਹ ਪੱਛਮ ਬੰਗਾਲ ਵਿੱਚ ਵਾਇਰਸ ਦਾ ਪਹਿਲਾ ਮਾਮਲਾ ਹੈ ਜਿਸਦੀ ਜਾਣਕਾਰੀ ਸਰਕਾਰ ਦੇ ਇਕ ਉੱਚ ਅਧਿਕਾਰੀ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਵਿੱਚ ਸਵੇਰੇ ਹੀ ਲੱਛਣ ਵਿਖਣੇ ਸ਼ੁਰੂ ਹੋਏ ਜਿਸ ਤੋਂ ਬਾਅਦ ਉਸਨੂੰ ਇੱਥੇ ਬੇਲਿਆਘਾਟ ਆਈਡੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ।
ਨੌਜਵਾਨ ਉੱਚ ਸਿੱਖਿਆ ਲਈ ਬ੍ਰਿਟੇਨ ਗਿਆ ਸੀ ਅਤੇ ਐਤਵਾਰ ਨੂੰ ਵਾਪਸ ਪਰਤਿਆ ਸੀ। ਅਧਿਕਾਰੀਆਂ ਨੇ ਕਿਹਾ, ਉਸਦੇ ਸੈੰਪਲ ਇਕੱਠੇ ਕਰਕੇ ਜਾਂਚ ਲਈ ਭੇਜੇ ਗਏ ਸਨ। ਰਿਪੋਰਟ ਤੋਂ ਪਤਾ ਚੱਲਿਆ ਕਿ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੈ।
ਦੇਸ਼ਭਰ ਵਿੱਚ ਹੁਣ ਤੱਕ ਕੋਰੋਨਾ ਦੇ ਮਾਮਲੇ ਵਧ ਕੇ 140 ਹੋ ਗਏ ਹਨ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਜਾਣਕਾਰੀ ਦਿੰਦੇ ਦੱਸਿਆ ਸੀ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 137 ਹੋ ਗਈ ਹੈ ਜਦਕਿ ਤਿੰਨ ਦੀ ਮੌਤ ਹੋ ਚੁੱਕੀ ਹੈ।