ਇਸਲਾਮਾਬਾਦ — ਪਾਕਿਸਤਾਨ ‘ਚ ਨਵੇਂ ਸਾਲ ਦਾ ਸਵਾਗਤ ਕਰਾਚੀ ਸਮੇਤ ਕਈ ਵੱਡੇ ਸ਼ਹਿਰਾਂ ‘ਚ ਹਵਾ ‘ਚ ਗੋਲੀਆਂ ਚਲਾ ਕੇ ਕੀਤਾ ਗਿਆ, ਜਿਸ ‘ਚ ਘੱਟੋ-ਘੱਟ 22 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਪਾਕਿਸਤਾਨੀ ਟੈਲੀਵਿਜ਼ਨ ਨੈੱਟਵਰਕ ਜੀਓ ਟੀਵੀ ਮੁਤਾਬਕ ਕਰਾਚੀ ਦੇ ਵੱਖ-ਵੱਖ ਹਿੱਸਿਆਂ ‘ਚ ਹੋਈ ਹਵਾਈ ਗੋਲੀਬਾਰੀ ‘ਚ ਬੱਚਿਆਂ ਅਤੇ ਔਰਤਾਂ ਸਮੇਤ ਕਈ ਲੋਕ ਜ਼ਖਮੀ ਹੋ ਗਏ। ਹਾਲਾਂਕਿ ਸ਼ਹਿਰ ‘ਚ ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਪਾਬੰਦੀ ਹੈ।
ਸੂਤਰਾਂ ਮੁਤਾਬਿਕ ਅੱਠ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਚਾਰ ਜ਼ਖ਼ਮੀਆਂ ਨੂੰ ਜਿਨਾਹ ਹਸਪਤਾਲ ਅਤੇ ਔਰਤਾਂ ਤੇ ਬੱਚਿਆਂ ਸਮੇਤ 10 ਲੋਕਾਂ ਨੂੰ ਅੱਬਾਸੀ ਸ਼ਹੀਦ ਹਸਪਤਾਲ ਲਿਜਾਇਆ ਗਿਆ ਹੈ।
ਕੋਰੰਗੀ ‘ਚ ਗੋਲੀਬਾਰੀ ਦੇ ਮਾਮਲੇ ‘ਚ ਹੁਣ ਤੱਕ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਤਿੰਨ ‘ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਹਨ। ਨਿਊਜ਼ ਚੈਨਲ ਦੀ ਖਬਰ ਮੁਤਾਬਕ ਕਰਾਚੀ ਦੇ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸੜਕਾਂ ‘ਤੇ ਇਕੱਠੇ ਹੋਏ। ਸਿੰਧ ਦੇ ਗਵਰਨਰ ਕਾਮਰਾਨ ਟੇਸੋਰੀ ਵੀ ਲੋਕਾਂ ਦੇ ਨਾਲ ਨੁਮਾਇਸ਼ ਚੌਰੰਘੀ ਇਲਾਕੇ ‘ਚ ਆਤਿਸ਼ਬਾਜ਼ੀ ਦੇਖਣ ਲਈ ਪਹੁੰਚੇ।
ਇਸੇ ਤਰ੍ਹਾਂ ਦੇ ਜਸ਼ਨ ਲਾਹੌਰ, ਇਸਲਾਮਾਬਾਦ ਅਤੇ ਰਾਵਲਪਿੰਡੀ ਤੋਂ ਵੀ ਸਾਹਮਣੇ ਆਏ ਹਨ। ਲਾਹੌਰ ਤੋਂ ਵੀ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪਾਕਿਸਤਾਨ ਵਿੱਚ ਨਵੇਂ ਸਾਲ ਦਾ ਜਸ਼ਨ ਵਿਵਾਦਾਂ ਵਿੱਚ ਘਿਰ ਗਿਆ ਹੈ। ਧਾਰਮਿਕ ਆਗੂਆਂ ਦਾ ਕਹਿਣਾ ਹੈ ਕਿ ਨਵਾਂ ਸਾਲ ਮਨਾਉਣਾ ਅਤੇ ਪੱਛਮੀ ਸੱਭਿਆਚਾਰ ਦੀ ਨਕਲ ਕਰਨਾ ‘ਪਾਪ’ ਹੈ।
ਹਾਲਾਂਕਿ, ਪਿਛਲੇ ਸਾਲਾਂ ਵਿੱਚ ਇਸ ਸਾਲਾਨਾ ਸਮਾਗਮ ਨੂੰ ਮਨਾਉਣ ਲਈ ਸੜਕਾਂ ‘ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਪਾਕਿਸਤਾਨ ਦੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਨਾਲ-ਨਾਲ ਵਿਸ਼ਵ ਵਿੱਚ ਸ਼ਾਂਤੀ ਲਈ ਪ੍ਰਾਰਥਨਾ ਕੀਤੀ।