ਵਿੱਤ ਮੰਤਰੀ ਵੱਲੋਂ ਬਠਿੰਡਾ ਵਿਖੇ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ

TeamGlobalPunjab
3 Min Read

ਬਠਿੰਡਾ: ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਚੰਡੀਗੜ੍ਹ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਨਲਾਈਨ ਜ਼ਿਲਾ ਅਤੇ ਉਪ ਮੰਡਲ ਪੱਧਰ ਤੇ ਹੋਏ ਸਮਾਗਮਾਂ ਨਾਲ ਜੁੜੇ।

ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਇਸ ਸਕੀਮ ਦੀ ਖਾਸੀਅਤ ਇਹ ਹੈ ਕਿ ਹੁਣ ਕੋਈ ਵੀ ਰਾਸ਼ਨ ਕਾਰਡ ਧਾਰਕ ਆਪਣੇ ਹੱਕ ਦਾ ਰਾਸ਼ਨ ਪੰਜਾਬ ਦੇ ਕਿਸੇ ਵੀ ਰਾਸ਼ਨ ਡਿਪੂ ਤੋਂ ਲੈ ਸਕੇਗਾ। ਉਨਾਂ ਨੇ ਕਿਹਾ ਕਿ ਰਾਸ਼ਨ ਵੰਡ ਪ੍ਰਣਾਲੀ ਦੇ ਇਸ ਤਰਾਂ ਡਿਜੀਟਿਲ ਹੋ ਜਾਣ ਨਾਲ ਯੋਜਨਾ ਵਿਚ ਪਾਰਦਰਸਤਾ ਵਧੇਗੀ ਅਤੇ ਕੋਈ ਵੀ ਲੋੜਵੰਦ ਦਾ ਹੱਕ ਨਹੀਂ ਮਾਰ ਸਕੇਗਾ। ਉਨਾਂ ਨੇ ਕਿਹਾ ਕਿ ਪਹਿਲਾਂ ਜਦ ਗਰੀਬ ਲੋਕ ਆਪਣੇ ਸਥਾਈ ਪਤੇ ਤੋਂ ਰੋਜਗਾਰ ਲਈ ਆਰਜੀ ਤੌਰ ਤੇ ਕਿਤੇ ਹੋਰ ਗਏ ਹੁੰਦੇ ਸਨ ਤਾਂ ਉਨਾਂ ਨੂੰ ਰਾਸ਼ਨ ਨਹੀਂ ਸੀ ਮਿਲ ਸਕਦਾ ਪਰ ਹੁਣ ਉਹ ਪੰਜਾਬ ਚ ਕਿਤੇ ਵੀ ਹੋਣ ਆਪਣੇ ਨੇੜਲੇ ਡੀਪੂ ਤੋਂ ਰਾਸ਼ਨ ਪ੍ਰਾਪਤ ਕਰ ਸਕਣਗੇ।

ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਵਿਚ ਇਸ ਸਕੀਮ ਤਹਿਤ 37.5 ਲੱਖ ਪਰਿਵਾਰਾਂ ਦੇ 1.41 ਕਰੋੜ ਲਾਭਪਾਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੋਰ 9 ਲੱਖ ਯੋਗ ਲੋਕਾਂ ਨੂੰ ਰਾਸ਼ਟਰੀ ਭੋਜਨ ਸੁਰੱਖਿਆ ਐਕਟ ਅਧੀਨ ਲਿਆਉਣ ਤੋਂ ਇਨਾਕਾਰ ਕਰਨ ਤੋਂ ਬਾਅਦ ਸੂਬਾ ਸਰਕਾਰ ਨੇ ਆਪਣੇ ਵਿੱਤੀ ਸਾਧਨਾਂ ਤੋਂ ਇਨਾਂ 9 ਲੱਖ ਲੋਕਾਂ ਨੂੰ ਵੀ ਇਸ ਯੋਜਨਾ ਦੇ ਦਾਇਰੇ ਵਿਚ ਲਿਆਉਣ ਦਾ ਫੈਸਲਾ ਕੀਤਾ ਹੈ, ਕਿਉਂਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਜਿਸ ਪੰਜਾਬ ਵੱਲੋਂ ਪੂਰੇ ਦੇਸ਼ ਦਾ ਢਿੱਡ ਭਰਿਆ ਜਾਂਦਾ ਹੋਵੇ ਉਥੇ ਕੋਈ ਲੋੜਵੰਦ ਭੁੱਖਾ ਸੌਂਵੇ ਉਨਾਂ ਨੇ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਦੇ ਖਜਾਨੇ ਤੇ ਸਲਾਨਾ 180 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਇਸ ਮੌਕੇ ਉਨਾਂ ਵਲੋਂ ਕੋਵਿਡ ਕਾਰਨ ਲਾਗੂ ਬੰਦਿਸਾਂ ਦੇ ਮੱਦੇਨਜਰ ਇਸ ਸਕੀਮ ਅਧੀਨ ਰਸਮ ਵਜੋਂ 23 ਲੋੜਵੰਦ ਪਰਿਵਾਰਾਂ ਨੂੰ ਸਮਾਰਟ ਕਾਰਡ ਵੰਡੇ ਗਏ।

ਇਸ ਉਪਰੰਤ ਮਨਪ੍ਰੀਤ ਸਿੰਘ ਬਾਦਲ ਵਲੋਂ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਪ੍ਰਗਤੀ ਅਧੀਨ ਚੱਲ ਰਹੇ ਵਿਕਾਸ ਦੇ ਕਾਰਜਾਂ ਨੂੰ ਪੂਰਾ ਕਰਨ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਦਿੱਤੇ।

ਇਸ ਦੌਰਾਨ ਬਾਦਲ ਨੇ ਧੋਬੀ ਬਜ਼ਾਰ, ਕਿੱਕਰ ਬਜ਼ਾਰ, ਪੁਰਾਣਾ ਹਸਪਤਾਲ ਬਜ਼ਾਰਾਂ ਦੇ ਸੁੰਦਰੀਕਰਨ ਲਈ ਫੁੱਟਪਾਥਾਂ ‘ਤੇ ਇੰਟਰਲਾਕ ਲਗਾਉਣ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬਾਦਲ ਵਲੋਂ ਰੇਲਵੇ ਸ਼ਟੇਸ਼ਨ ਨੇੜੇ ਠੰਡੀ ਸੜਕ ‘ਤੇ ਚੱਲ ਰਹੇ ਸੀਵਰੇਜ਼ ਦੀ ਸਫ਼ਾਈ ਦੇ ਕੰਮ ਦਾ ਵੀ ਜਾਇਜ਼ਾ ਲਿਆ ਤੇ ਚੱਲ ਰਹੇ ਸੀਵਰੇਜ਼ ਦੇ ਕੰਮ ਨੂੰ ਮੁਕੰਮਲ ਕਰਨ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਵਿੱਤ ਮੰਤਰੀ ਵਲੋਂ ਪੁਲਿਸ ਪਬਲਿਕ ਸਕੂਲ ਵਿਖੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਚੈਕ ਵੀ ਮੁਹੱਈਆ ਕਰਵਾਏ ਗਏ।

Share This Article
Leave a Comment