ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 16 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਵਿੱਤੀ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਨਵੇਂ ਭਰਤੀ ਹੋਏ 16 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਹ ਨਿਯੁਕਤੀਆਂ ਨਵ-ਗਠਿਤ ‘ਡਾਇਰੈਕਟੋਰੇਟ ਆਫ਼ ਖ਼ਜਾਨਾ ਤੇ ਲੇਖਾ ਸ਼ਾਖਾ, ਪੈਨਸ਼ਨ ਅਤੇ ਨਿਊ ਪੈਨਸ਼ਨ ਸਕੀਮ’ ਲਈ ਕੀਤੀਆਂ ਗਈਆਂ ਹਨ।

ਇਸ ਮੌਕੇ ਦੀ ਖਾਸ ਗੱਲ ਇਹ ਰਹੀ ਕਿ ਜ਼ਿਆਦਾਤਰ ਨੌਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਅਧੀਨ ਦੂਜੀ ਜਾਂ ਤੀਜੀ ਨੌਕਰੀ ਮਿਲੀ ਹੈ। ਵਿਭਾਗ ਵਿੱਚ ਕਲਰਕ ਵਜੋਂ ਨਿਯੁਕਤ ਹੋਈ ਸੰਦੀਪ ਕੌਰ ਨੂੰ ਪਹਿਲਾਂ ਪੁਲਿਸ ਅਤੇ ਸਹਿਕਾਰੀ ਬੈਂਕ ਵਿੱਚ ਵੀ ਨੌਕਰੀ ਮਿਲੀ ਸੀ। ਇਸੇ ਤਰ੍ਹਾਂ ਜੀਵਨ ਸਿੰਘ, ਹੈਪੀ ਕੁਮਾਰ, ਸਾਹਿਲ ਸਿਆਗ, ਅਵਤਾਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਦੂਜੀ ਨਿਯੁਕਤੀ ਹੈ। ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਮੌਕੇ ਪੈਦਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।

ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਵੇਂ ਕਰਮਚਾਰੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸਰਕਾਰੀ ਦਫ਼ਤਰਾਂ ਦੇ ਸੁਚਾਰੂ ਕੰਮਕਾਜ ਵਿੱਚ ਕਲਰਕਾਂ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਲਰਕ ਦਫ਼ਤਰੀ ਕੰਮਕਾਜ ਦਾ ਮੁੱਢਲਾ ਅਧਾਰ ਹਨ, ਅਤੇ ਉਨ੍ਹਾਂ ਦੀ ਕੁਸ਼ਲਤਾ ਵਿਭਾਗ ਦੇ ਸੁਚਾਰੂ ਕੰਮਕਾਜ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਉਨ੍ਹਾਂ ਨਵੇਂ ਭਰਤੀ ਹੋਏ ਕਲਰਕਾਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਵਿੱਤ ਅਲੋਕ ਸ਼ੇਖਰ, ਡਾਇਰੈਕਟਰ ਖ਼ਜਾਨਾ ਅਰਵਿੰਦ ਕੁਮਾਰ ਅਤੇ ਵਧੀਕ ਡਾਇਰੈਕਟਰ ਖ਼ਜਾਨਾ ਸਿਮਰਜੀਤ ਕੌਰ ਵੀ ਹਾਜ਼ਰ ਸਨ।

Share This Article
Leave a Comment