ਭਤੀਜੇ ਨੇ ਚਾਚੇ ਨੂੰ ਕੀਤਾ ਪਾਰਟੀ ਤੋਂ ਬਾਹਰ
ਪਟਨਾ : ਰਾਮ ਵਿਲਾਸ ਪਾਸਵਾਨ ਦੀ ਮੌਤ ਤੋਂ ਬਾਅਦ ਲੋਕ ਜਨਸ਼ਕਤੀ ਪਾਰਟੀ (LJP) ਦੀ ਕਮਾਨ ਸਾਂਭਣ ਨੂੰ ਲੈ ਕੇ ਪਾਸਵਾਨ ਦੇ ਭਰਾ ਪਸ਼ੂਪਤੀ ਕੁਮਾਰ ਪਾਰਸ ਅਤੇ ਪੁੱਤਰ ਚਿਰਾਗ ਪਾਸਵਾਨ ਆਹਮੋ-ਸਾਹਮਣੇ ਆ ਚੁੱਕੇ ਹਨ। ਪਾਰਟੀ ਦੀ ਬਾਗਡੋਰ ਦੀ ਲੜਾਈ ਹੁਣ ਪਰਿਵਾਰ ਤੋਂ ਨਿਕਲ ਕੇ ਪਾਰਟੀ ਤੱਕ ਪਹੁੰਚ ਗਈ ਹੈ। ਐਲਜੇਪੀ ਪਾਰਲੀਮੈਂਟਰੀ ਪਾਰਟੀ ਦੇ ਨਵੇਂ ਨੇਤਾ ਬਣੇ ਪਸ਼ੂਪਤੀ ਕੁਮਾਰ ਪਾਰਸ ਨੇ ਸੋਮਵਾਰ ਨੂੰ ਸਾਰਾ ਦਿਨ ਚੱਲੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਮੰਗਲਵਾਰ ਨੂੰ ਰਾਸ਼ਟਰੀ ਕਾਰਜਕਾਰਨੀ ਦੀ ਇੱਕ ਬੈਠਕ ਬੁਲਾਈ। ਇਸ ਵਿੱਚ ਚਿਰਾਗ ਪਾਸਵਾਨ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਲਿਆ ਗਿਆ।
ਇਸ ਤੋਂ ਤੁਰੰਤ ਬਾਅਦ ਚਿਰਾਗ ਪਾਸਵਾਨ ਨੇ ਰਾਸ਼ਟਰੀ ਕਾਰਜਕਾਰਨੀ ਦੀ ਇੱਕ ਬੈਠਕ ਬੁਲਾਈ ਅਤੇ ਪੰਜ ਬਾਗੀ ਸੰਸਦ ਮੈਂਬਰਾਂ ਨੂੰ ਐਲਜੇਪੀ ਤੋਂ ਹਟਾਉਣ ਦੀ ਸਿਫਾਰਸ਼ ਕੀਤੀ। ਇਹਨਾਂ ਮੈਂਬਰਾਂ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਇਲਜਾਮ ਲਗਾਇਆ ਗਿਆ ਹੈ। ਇਸ ਬਾਰੇ ਚਿਰਾਗ ਪਾਸਵਾਨ ਵੱਲੋਂ ਬਕਾਇਦਾ ਪਾਰਟੀ ਦੇ ਇਕ ਲੈਟਰ ਹੈੱਡ ‘ਤੇ ਆਪਣੇ ਫ਼ੈਸਲੇ ਸਬੰਧੀ ਦੱਸਿਆ ਗਿਆ । ਇਸ ਵਿੱਚ ਪਸ਼ੂਪਤੀ ਕੁਮਾਰ ਪਾਰਸ ਦਾ ਨਾਂ ਸਭ ਤੋਂ ਪਹਿਲੇ ਨੰਬਰ ‘ਤੇ ਹੈ।
ਉਧਰ ਪਾਰਸ ਧੜੇ ਨੇ ਸਾਬਕਾ ਸੰਸਦ ਮੈਂਬਰ ਸੂਰਜ ਭਾਨ ਸਿੰਘ ਨੂੰ ਐਲਜੇਪੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਹੈ। ਇਹ ਫੈਸਲਾ ਪਾਰਸ ਧੜੇ ਦੀ ਬੈਠਕ ਵਿੱਚ ਲਿਆ ਗਿਆ ਹੈ। ਹੁਣ ਰਾਸ਼ਟਰੀ ਪ੍ਰਧਾਨ ਦੀ ਚੋਣ 5 ਦਿਨਾਂ ਦੇ ਅੰਦਰ ਕਰ ਦਿੱਤੀ ਜਾਵੇਗੀ। ਇਹ ਬੈਠਕ ਸੂਰਜ ਭਾਨ ਸਿੰਘ ਦੀ ਪ੍ਰਧਾਨਗੀ ਹੇਠ ਹੋਵੇਗੀ। ਰਾਸ਼ਟਰੀ ਕਾਰਜਕਾਰਨੀ ਦੀ ਇੱਕ ਮੀਟਿੰਗ ਇੱਕ ਜਾਂ ਦੋ ਦਿਨਾਂ ਵਿੱਚ ਹੋ ਸਕਦੀ ਹੈ।
ਰਾਸ਼ਟਰੀ ਪ੍ਰਧਾਨ ਚਿਰਾਗ ਪਾਸਵਾਨ ਨੇ ਕੀਤੀ ਵਰਚੁਅਲ ਮੀਟਿੰਗ
ਚਿਰਾਗ ਪਾਸਵਾਨ ਵਰਚੁਅਲ ਕਾਰਜਕਾਰੀ ਬੈਠਕ ਵਿੱਚ ਰਾਸ਼ਟਰੀ ਪ੍ਰਧਾਨ ਵਜੋਂ ਮੌਜੂਦ ਸਨ। ਪਾਰਟੀ ਦੇ ਸਾਰੇ ਅਧਿਕਾਰੀ ਮੌਜੂਦ ਸਨ। ਇਸ ਦੇ ਨਾਲ ਹੀ ਇਸ ਬੈਠਕ ਵਿਚ ਕਈ ਸੂਬਿਆਂ ਦੇ ਪ੍ਰਧਾਨ ਵੀ ਮੌਜੂਦ ਰਹੇ। ਐਲਜੇਪੀ ਚਿਰਾਗ ਧੜੇ ਨੇ ਫੈਸਲਾ ਲਿਆ ਹੈ ਕਿ ਬਗਾਵਤ ਕਰਨ ਵਾਲੇ 5 ਸੰਸਦ ਮੈਂਬਰਾਂ ਨੂੰ ਹਟਾ ਦਿੱਤਾ ਜਾਵੇ। ਬਾਕੀ ਹਰ ਕੋਈ ਸੰਸਥਾ ਵਿਚ ਕੰਮ ਕਰਨਾ ਜਾਰੀ ਰੱਖੇਗਾ ਅਤੇ ਸੰਗਠਨ ਨੂੰ ਮਜ਼ਬੂਤ ਕਰੇਗਾ ।
ਇਸ ਦੌਰਾਨ ਚਿਰਾਗ ਪਾਸਵਾਨ ਨੇ ਕਿਹਾ ਕਿ ਉਨ੍ਹਾਂ ਦਾ ‘ਬਿਹਾਰ ਫਸਟ-ਬਿਹਾਰੀ ਫਸਟ’ ਪ੍ਰੋਗਰਾਮ ਜਾਰੀ ਰਹੇਗਾ। ਉਹ ਬਿਹਾਰ ਸਰਕਾਰ ਖ਼ਿਲਾਫ਼ ਆਪਣਾ ਅੰਦੋਲਨ ਚਲਾਉਂਦੇ ਰਹਿਣਗੇ।