ਚੰਡੀਗੜ੍ਹ, (ਅਵਤਾਰ ਸਿੰਘ): ਪੀ ਏ ਯੂ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿਚ ਪੀ ਐੱਚਡੀ ਦੀ ਵਿਦਿਆਰਥਣ ਕੁਮਾਰੀ ਆਰੁਸ਼ੀ ਅਰੋੜਾ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ ਵਲੋਂ ਉਨ੍ਹਾਂ ਦੀ ਪੋਸਟ ਡਾਕਟਰਲ ਖੋਜ ਨੂੰ ਜਾਰੀ ਰੱਖਣ ਲਈ ਫੈਲੋਸ਼ਿਪ ਪ੍ਰਾਪਤ ਹੋਈ ਹੈ। ਇਹ ਫੈਲੋਸ਼ਿਪ ਉਨ੍ਹਾਂ ਨੂੰ ਸਫੇਦ ਮੱਕੀ ਦੇ ਜੀਨਜ਼ ਦੇ ਖੇਤਰ ਵਿਚ ਖੋਜ ਜਾਰੀ ਰੱਖਣ ਲਈ ਪ੍ਰਦਾਨ ਕੀਤੀ ਗਈ ਹੈ। ਕੁਮਾਰੀ ਆਰੁਸ਼ੀ ਵਿਸ਼ੇ ਨਾਲ ਸੰਬੰਧਿਤ ਖੋਜ ਅਮਰੀਕਾ ਦੀ ਪਰਡਿਊ ਯੂਨੀਵਰਸਿਟੀ ਦੇ ਪੌਦਾ ਵਿਗਿਆਨ ਸੰਸਥਾਨ ਦੇ ਵਿਗਿਆਨਕ ਨਿਰਦੇਸ਼ਕ ਡਾ ਮਿਛ ਟਿਊਨਸਤਰਾ ਦੀ ਨਿਗਰਾਨੀ ਹੇਠ ਕਰਨਗੇ। ਇਹ ਫੈਲੋਸ਼ਿਪ ਭਾਰਤ-ਅਮਰੀਕਾ ਦੇ ਸਾਂਝੇ ਖੋਜ ਪ੍ਰੋਗਰਾਮ ਅਧੀਨ ਦਿੱਤੀ ਜਾ ਰਹੀ ਹੈ। ਇਸ ਵਿਚ ਵਿਦਿਆਰਥਣ ਨੂੰ ਫੈਲੋਸ਼ਿਪ ਦੇ ਨਾਲ ਸਿਹਤ-ਬੀਮਾ, ਯਾਤਰਾ ਭੱਤੇ ਅਤੇ ਫੁਟਕਲ ਸਹਾਇਤਾ ਰਾਸ਼ੀ ਮਿਲੇਗੀ।
ਕੁਮਾਰੀ ਆਰੁਸ਼ੀ ਨੂੰ ਇਸ ਤੋਂ ਪਹਿਲਾਂ ਜਵਾਹਰਲਾਲ ਨਹਿਰੂ ਫੈਲੋਸ਼ਿਪ ਨਾਲ ਵੀ ਨਿਵਾਜ਼ਿਆ ਗਿਆ ਸੀ। ਉਹ ਆਪਣੀ ਪੀ ਐੱਚ ਡੀ ਵਿਭਾਗ ਦੇ ਮੱਕੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ ਸੁਜੇਅ ਰਕਸ਼ਿਤ ਦੀ ਅਗਵਾਈ ਹੇਠ ਕਰ ਰਹੀ ਹੈ। ਡਾ ਰਕਸ਼ਿਤ ਨੇ ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸਦੇ ਸਫਲ ਭਵਿੱਖ ਦੀ ਕਾਮਨਾ ਕੀਤੀ।