ਵਾਸ਼ਿੰਗਟਨ: ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੂੰ ਵੱਡੀ ਸਫਲਤਾ ਮਿਲੀ ਹੈ। FBI ਦੀ ਟੌਪ 10 ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਸਿੰਡੀ ਰੌਡਰਿਗਜ਼ ਸਿੰਘ ਨੂੰ ਭਾਰਤ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। FBI ਮੁਖੀ ਕਾਸ਼ ਪਟੇਲ ਨੇ ਇਸ ਸਫਲਤਾ ਲਈ ਭਾਰਤੀ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ ਹੈ। ਸਿੰਘ ‘ਤੇ ਆਪਣੇ 6 ਸਾਲ ਦੇ ਪੁੱਤਰ ਦੇ ਕਤਲ ਦਾ ਦੋਸ਼ ਹੈ। ਇਹ ਮਾਮਲਾ 2023 ਦਾ ਹੈ। ਖਬਰਾਂ ਮੁਤਾਬਕ, ਸਿੰਘ ਅਮਰੀਕਾ ਵਿੱਚ ਕਾਨੂੰਨੀ ਮਾਮਲੇ ਤੋਂ ਬਚਣ ਲਈ ਭਾਰਤ ਭੱਜ ਗਈ ਸੀ।
ਕੀ ਸੀ ਮਾਮਲਾ ?
ਸਿੰਘ ਦੇ ਨਾਂ ‘ਤੇ FBI ਵਾਰੰਟ ਅਤੇ ਟੈਕਸਾਸ ਵਿੱਚ 10 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਕਤਲ ਦੇ ਮਾਮਲੇ ਵਿੱਚ ਇੱਕ ਵਾਰੰਟ ਜਾਰੀ ਸੀ। ਮਾਮਲਾ 20 ਮਾਰਚ 2023 ਨੂੰ ਸਾਹਮਣੇ ਆਇਆ ਸੀ, ਜਦੋਂ ਟੇਕਸਾਸ ਡਿਪਾਰਟਮੈਂਟ ਆਫ ਫੈਮਿਲੀ ਐਂਡ ਪ੍ਰੋਟੈਕਟਿਵ ਸਰਵਿਸਿਜ਼ ਦੀ ਟੀਮ ਸਿੰਘ ਦੇ ਪੁੱਤ ਦੀ ਜਾਣਕਾਰੀ ਲੈਣ ਗਈ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਬੱਚਾ ਅਕਤੂਬਰ 2022 ਤੋਂ ਨਹੀਂ ਦੇਖਿਆ ਗਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ, ਅਧਿਕਾਰੀਆਂ ਨੇ ਦੱਸਿਆ ਸੀ ਕਿ ਬੱਚੇ ਨੂੰ ਕਈ ਸਿਹਤ ਸਬੰਧੀ ਸਮੱਸਿਆਵਾਂ ਸਨ, ਜਿਨ੍ਹਾਂ ਵਿੱਚ ਡਿਵੈਲਪਮੈਂਟਲ ਡਿਸਆਰਡਰ, ਸੋਸ਼ਲ ਡਿਸਆਰਡਰ, ਪਲਮੋਨਰੀ ਇਡੀਮਾ, ਬੋਨ ਡੈਂਸਿਟੀ, ਅਤੇ ਐਸਟੋਪੀਆ ਸ਼ਾਮਲ ਸਨ। ਜਾਂਚ ਦੌਰਾਨ ਸਿੰਘ ਨੇ ਅਧਿਕਾਰੀਆਂ ਨੂੰ ਗੁਮਰਾਹ ਕਰਦਿਆਂ ਦੱਸਿਆ ਸੀ ਕਿ ਉਸ ਦਾ ਬੇਟਾ ਨਵੰਬਰ 2022 ਤੋਂ ਆਪਣੇ ਪਿਤਾ ਨਾਲ ਮੈਕਸੀਕੋ ਵਿੱਚ ਹੈ।
ਦੋ ਦਿਨ ਬਾਅਦ, 22 ਮਾਰਚ 2023 ਨੂੰ ਸਿੰਘ, ਆਪਣੇ ਪਤੀ ਅਤੇ 6 ਬੱਚਿਆਂ ਨੇ ਭਾਰਤ ਲਈ ਉਡਾਣ ਭਰੀ। ਜਾਂਚਕਰਤਾਵਾਂ ਨੂੰ ਪਤਾ ਲੱਗਾ ਕਿ ਗੁੰਮਸ਼ੁਦਾ ਬੱਚਾ ਇਸ ਫਲਾਈਟ ਵਿੱਚ ਸ਼ਾਮਲ ਨਹੀਂ ਸੀ। ਇਸ ਤੋਂ ਬਾਅਦ ਜੁਲਾਈ 2023 ਵਿੱਚ ਸਿੰਘ ਨੂੰ FBI ਦੀ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ।
ਗ੍ਰਿਫਤਾਰੀ ਦੀ ਪ੍ਰਕਿਰਿਆ
2 ਅਕਤੂਬਰ 2024 ਨੂੰ ਸਿੰਘ ਦੇ ਖਿਲਾਫ ਇੰਟਰਪੋਲ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਸਾਰੇ ਮੈਂਬਰ ਦੇਸ਼ਾਂ ਨੂੰ ਭੇਜਿਆ ਗਿਆ ਸੀ। ਭਾਰਤ ਨੂੰ ਹਵਾਲਗੀ ਨਾਲ ਜੁੜੇ ਦਸਤਾਵੇਜ਼ ਵੀ ਸੌਂਪੇ ਗਏ ਸਨ, ਜਿਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਸੰਭਵ ਹੋ ਸਕੀ। FBI ਮੁਖੀ ਕਾਸ਼ ਪਟੇਲ ਨੇ ਕਿਹਾ: ‘ਅਸੀਂ ਟੇਕਸਾਸ ਦੇ ਸਥਾਨਕ ਸਾਥੀਆਂ, ਨਿਆਂ ਵਿਭਾਗ, ਅਤੇ ਭਾਰਤ ਵਿੱਚ ਸਾਡੇ ਸਾਥੀਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਮਦਦ ਨਾਲ ਇਹ ਸਫਲਤਾ ਮਿਲੀ।’