ਚੰਡੀਗੜ੍ਹ: ਪੰਜਾਬ ਦੇ 114 ਸਾਲਾ ਮਾਸਟਰ ਐਥਲੀਟ ਫੌਜਾ ਸਿੰਘ, ਜੋ ਕਿ ਟਰਬਨ ਟੋਰਨਾਡੋ, ਰਨਿੰਗ ਬਾਬਾ ਅਤੇ ਸਿੱਖ ਸੁਪਰਮੈਨ ਵਜੋਂ ਮਸ਼ਹੂਰ ਹਨ, ਦਾ ਅੰਤਿਮ ਸੰਸਕਾਰ ਐਤਵਾਰ ਨੂੰ ਕੀਤਾ ਜਾਵੇਗਾ। ਫੌਜਾ ਸਿੰਘ ਦਾ ਅੰਤਿਮ ਸੰਸਕਾਰ ਦੁਪਹਿਰ 12 ਵਜੇ ਜਲੰਧਰ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਫੌਜਾ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੀ ਜਲੰਧਰ ਦੇ ਪਿੰਡ ਬਿਆਸ ਪਹੁੰਚਣਗੇ। ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਹੋਰ ਸੀਨੀਅਰ ਆਗੂ ਵੀ ਮੁੱਖ ਮੰਤਰੀ ਨਾਲ ਮੌਜੂਦ ਰਹਿਣਗੇ।
ਫੌਜਾ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਨੇ ਦੱਸਿਆ ਸੀ ਕਿ ਕੈਨੇਡਾ ਅਤੇ ਇੰਗਲੈਂਡ ਤੋਂ ਉਨ੍ਹਾਂ ਦੇ ਰਿਸ਼ਤੇਦਾਰ ਪੰਜਾਬ ਪਹੁੰਚ ਗਏ ਹਨ। ਸਾਰੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਐਤਵਾਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦੱਸ ਦੇਈਏ ਕਿ 14 ਜੁਲਾਈ (ਸੋਮਵਾਰ) ਨੂੰ ਫੌਜਾ ਸਿੰਘ ਨੂੰ ਐਨਆਰਆਈ ਅੰਮ੍ਰਿਤਪਾਲ ਦੀ ਤੇਜ਼ ਰਫ਼ਤਾਰ ਫਾਰਚੂਨਰ ਨੇ ਟੱਕਰ ਮਾਰ ਦਿੱਤੀ ਸੀ। ਇਹ ਹਾਦਸਾ ਪਠਾਨਕੋਟ-ਜਲੰਧਰ ਰਾਸ਼ਟਰੀ ਰਾਜਮਾਰਗ ਦੇ ਨੇੜੇ ਸਥਿਤ ਉਨ੍ਹਾਂ ਦੇ ਪਿੰਡ ਬਿਆਸ ਪਿੰਡ ਵਿੱਚ ਵਾਪਰਿਆ, ਜਿਸ ਵਿੱਚ ਫੌਜਾ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।