ਨਿਊਜ਼ ਡੈਸਕ: ਸੰਯੁਕਤ ਕਿਸਾਨ ਮੋਰਚਾ (SKM) ਨੇ ਪੰਜਾਬ-ਹਰਿਆਣਾ ਵਿਚਕਾਰ ਜੀਂਦ ਦੀ ਖਨੌਰੀ ਸਰਹੱਦ ‘ਤੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਅਤੇ ਮ੍ਰਿਤਕ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦੀ ਮੰਗ ਕੀਤੀ ਹੈ।
ਇਸ ਘਟਨਾ ਦੇ ਵਿਰੋਧ ‘ਚ ਮੋਰਚੇ ਨੇ ਸ਼ੁੱਕਰਵਾਰ ਨੂੰ ਕਾਲਾ ਦਿਵਸ ਮਨਾਉਣ, ਸੋਮਵਾਰ ਨੂੰ ਦੇਸ਼ ਭਰ ਦੇ ਹਾਈਵੇਅ ‘ਤੇ ਟਰੈਕਟਰ ਰੈਲੀਆਂ ਅਤੇ 14 ਮਾਰਚ ਨੂੰ ਦਿੱਲੀ ‘ਚ ਕਿਸਾਨ-ਮਜ਼ਦੂਰ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ, ਸੀਐਮ ਅਤੇ ਵਿਜ ਦੇ ਪੁਤਲੇ ਫੂਕਣ ਦਾ ਐਲਾਨ ਵੀ ਕੀਤਾ ਹੈ। ਇਹ ਫੈਸਲੇ ਚੰਡੀਗੜ੍ਹ ਵਿੱਚ ਐਸਕੇਐਮ ਆਗੂਆਂ ਦੀ ਮੀਟਿੰਗ ਵਿੱਚ ਲਏ ਗਏ ਹਨ। ਮੀਟਿੰਗ ਵਿੱਚ ਜੋਗਿੰਦਰ ਉਗਰਾਹਾਂ, ਦਰਸ਼ਨਪਾਲ, ਰਵਿੰਦਰ ਪਟਿਆਲਾ, ਬਲਬੀਰ ਰਾਜੇਵਾਲ, ਯੁੱਧਵੀਰ ਸਿੰਘ, ਹਨਨ ਮੌਲਾ, ਰਾਕੇਸ਼ ਟਿਕੈਤ ਸਮੇਤ ਕਈ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ।
ਕਿਸਾਨ ਜਥੇਬੰਦੀਆਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅਤੇ ਸ਼ੁਭਕਰਨ ਦੀ ਮੌਤ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਤਿੰਨ ਘੰਟੇ ਹਾਈਵੇਅ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਹਰਿਆਣਾ ਵਿੱਚ ਚੜੂਨੀ ਗਰੁੱਪ ਨੇ ਰੋਡ ਜਾਮ ਕੀਤਾ।
ਅੰਬਾਲਾ ਪੁਲਿਸ ਨੇ ਕਿਸਾਨ ਆਗੂਆਂ ਖ਼ਿਲਾਫ਼ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਪੁਲਿਸ ਨੇ ਕਿਹਾ, ਕਿਸਾਨ ਆਗੂਆਂ ਦੇ ਉਕਸਾਉਣ ‘ਤੇ ਕਿਸਾਨ ਸ਼ੰਭੂ ਸਰਹੱਦ ‘ਤੇ ਪਥਰਾਅ ਕਰ ਰਹੇ ਹਨ। ਇਸ ਕਾਰਨ 30 ਜਵਾਨ ਜ਼ਖਮੀ ਹੋਏ ਹਨ, ਇਕ ਪੁਲਿਸ ਕਰਮਚਾਰੀ ਨੂੰ ਬ੍ਰੇਨ ਹੈਮਰੇਜ ਹੋਇਆ ਹੈ ਅਤੇ ਦੋ ਦੀ ਮੌਤ ਹੋ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।