ਫ਼ਾਜ਼ਿਲਕਾ: ਖੇਤੀ ਬਿੱਲ ਕਾਨੂੰਨ ਬਣਨ ਤੋਂ ਬਾਅਦ ਕਿਸਾਨਾਂ ਦਾ ਸੰਘਰਸ਼ ਹੋਰ ਤਿੱਖਾ ਹੁੰਦਾ ਦਿਖਾਈ ਦੇ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਜਲਾਲਾਬਾਦ ਦੀ ਦਾਣਾ ਮੰਡੀ ਦੇ ਵਿੱਚ ਇੱਕ ਮੀਟਿੰਗ ਕਰਕੇ ਮਤਾ ਪਾਸ ਕੀਤਾ ਗਿਆ। ਜਿਸ ਤਹਿਤ ਕੱਲ੍ਹ ਤੋਂ ਜਲਾਲਾਬਾਦ ਵਿੱਚ ਰਿਲਾਇੰਸ ਦੇ ਪੈਟਰੋਲ ਪੰਪ ਅਤੇ ਸੜਕ ‘ਤੇ ਮੌਜੂਦ ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਜਾਵੇਗਾ।
ਕਿਸਾਨਾਂ ਦੀ ਕੋਸ਼ਿਸ਼ ਰਹੇਗੀ ਕਿ ਰਿਲਾਇੰਸ ਦੇ ਪੈਟਰੋਲ ਪੰਪ ਅਤੇ ਟੋਲ ਪਲਾਜ਼ੇ ਅਣਮਿੱਥੇ ਸਮੇਂ ਲਈ ਬੰਦ ਕੀਤੇ ਜਾਣ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਫ਼ਸਲਾਂ ‘ਤੇ ਐਮਐਸਪੀ ਹਟਾ ਕੇ ਅਤੇ ਮੰਡੀਕਰਨ ਖਤਮ ਕਰਕੇ ਦੇਸ਼ ਵਿੱਚ ਵਪਾਰੀਆਂ ਨੂੰ ਉਤਾਰਨ ਜਾ ਰਹੀ ਹੈ। ਹੋਰ ਵਪਾਰੀ ਸਾਡੀਆਂ ਫ਼ਸਲਾਂ ਦਾ ਮੁੱਲ ਆਪਣੇ ਹਿਸਾਬ ਨਾਲ ਤੈਅ ਕਰਨਗੇ। ਇਸ ਲਈ ਅੱਜ ਕਿਸਾਨ ਜਥੇਬੰਦੀ ਵੱਲੋਂ ਜਲਾਲਾਬਾਦ ਵਿੱਚ ਰਿਲਾਇੰਸ ਦੇ ਟੋਲ ਪਲਾਜ਼ਾ ਅਤੇ ਪੈਟਰੋਲ ਪੰਪ ਬੰਦ ਕਰਨ ਦਾ ਫੈਸਲਾ ਕੀਤਾ ਗਿਆ।