ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਨੂੰ ਕੂਚ ਕੀਤਾ ਜਾ ਰਿਹਾ ਹੈ ਜਿਸ ਤਹਿਤ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਬੀਤੀ ਰਾਤ ਹੀ ਦਿੱਲੀ ਨੂੰ ਚੱਲ ਪਈਆਂ ਸਨ। ਇਨ੍ਹਾਂ ਕਿਸਾਨਾਂ ਨੇ ਸੜਕ ਦੇ ਉੱਪਰ ਹੀ ਸਾਰੀ ਰਾਤ ਕੱਟੀ ਜਿਸ ਤੋਂ ਬਾਅਦ ਸਵੇਰ ਦਾ ਨਾਸ਼ਤਾ ਵੀ ਸੜਕ ਕੰਢੇ ਤਿਆਰ ਕੀਤਾ ਗਿਆ।
ਕਿਸਾਨ ਜਥੇਬੰਦੀਆਂ ਆਪਣੇ ਨਾਲ ਹੀ ਰਾਸ਼ਨ ਲੈ ਕੇ ਆਈਆਂ ਹਨ। ਕਿਸਾਨ ਜਥੇਬੰਦੀ ਰੋਟੀਆਂ ਸਿਰਫ਼ ਆਪਣੇ ਲਈ ਨਹੀਂ ਬਲਕਿ ਉਥੋਂ ਗੁਜ਼ਰਨ ਵਾਲੇ ਹਰ ਰਾਹਗੀਰ ਨੂੰ ਦੇ ਰਹੀ ਹੈ। ਸਵੇਰ ਦੇ ਨਾਸ਼ਤੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕਈ ਥਾਵਾਂ ਤੇ ਪਨੀਰ ਬਣਾਇਆ ਗਿਆ ਤਾਂ ਕਈ ਥਾਂਵਾਂ ਤੇ ਮਿਕਸ ਸਬਜ਼ੀ ਦਾ ਇੰਤਜ਼ਾਮ ਕੀਤਾ ਗਿਆ ਸੀ।
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਆਪਣਾ ਪ੍ਰਦਰਸ਼ਨ ਇੰਝ ਹੀ ਰੱਖਣਗੇ ਜੇਕਰ ਹਰਿਆਣਾ ਸਰਕਾਰ ਜਾਂ ਫਿਰ ਦਿੱਲੀ ਸਰਕਾਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਥਾਂ ਤੇ ਪੱਕੇ ਮੋਰਚੇ ਲਗਾਏ ਜਾਣਗੇ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਆਪਣੇ ਨਾਲ ਤਕਰੀਬਨ ਛੇ ਮਹੀਨੇ ਦਾ ਰਾਸ਼ਨ ਲੈ ਕੇ ਆਏ ਹਨ।