ਅੰਮ੍ਰਿਤਸਰ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਰੇਲ ਰੋਕੋ ਅੰਦੋਲਨ ਨੂੰ ਕੱਲ੍ਹ ਯਾਨੀ ਨਵੇਂ ਸਾਲ ਵਾਲੇ ਦਿਨ 100 ਦਿਨ ਪੂਰੇ ਹੋ ਜਾਣਗੇ। ਪਿਛਲੇ 99 ਦਿਨਾਂ ਤੋਂ ਕਿਸਾਨ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਨੇੜ੍ਹੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੇਲਵੇ ਟਰੈਕ ਤੇ ਡਟੇ ਹੋਏ ਹਨ।
ਅੰਮ੍ਰਿਤਸਰ ਦੇ ਦੇਵੀਦਾਸਪੁਰਾ ਪਿੰਡ ਦੇ ਰੇਲਵੇ ਟਰੈਕ ਤੇ ਕਿਸਾਨਾਂ ਨੇ 24 ਸਤੰਬਰ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਸੀ, ਜੋ ਹਾਲੇ ਤੱਕ ਜਾਰੀ ਹੈ। ਭਾਵੇਂ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਤਿੰਨ ਵੱਡੇ ਜੱਥੇ ਦਿੱਲੀ ਲਈ ਜਾ ਚੁੱਕੇ ਨੇ ਅਤੇ ਦਿੱਲੀ ਦੇ ਕੁੰਡਲੀ ਬਾਰਡਰ ਤੇ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਜਾਰੀ ਹੈ ਤੇ ਹੁਣ ਚੋਥਾ ਜੱਥਾ ਦਿੱਲੀ ਭੇਜੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਅਸੀਂ ਹਰ ਪੱਧਰ ਤੇ ਸੰਘਰਸ਼ ਨੂੰ ਤਿੱਖਾ ਕਰਨ ਲਈ ਪਿੰਡਾਂ ‘ਚ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ। ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਭਲਕੇ ਰੇਲ ਰੋਕੋ ਅੰਦੋਲਨ ਦੇ 100ਵੇਂ ਦਿਨ ਜਿੱਥੇ ਨਵੇਂ ਸਾਲ ਦਾ ਪਹਿਲਾ ਦਿਨ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ ਤੇ ਨਾਲ ਪੰਜਾਬ ਦੇ ਸਾਰੇ ਭਾਜਪਾ ਆਗੂਆਂ ਦੇ ਘਰਾਂ ਤੇ ਵਪਾਰਕ ਅਦਾਰਿਆਂ ਦਾ ਭਲਕੇ ਘਿਰਾਓ ਕੀਤਾ ਜਾਵੇਗਾ ਤੇ ਨਾਲ ਭੰਡਾਰੀ ਪੁਲ ਤੇ ਸਾਂਝੇ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਤੇ ਵੱਡੀ ਗਿਣਤੀ ‘ਚ ਕਿਸਾਨ ਮਾਰਚ ਕਰਦੇ ਵੱਖ-ਵੱਖ ਪਿੰਡਾਂ ‘ਚੋਂ ਪੁੱਜਣਗੇ।