ਜਗਤਾਰ ਸਿੰਘ ਸਿੱਧੂ;
ਕਿਸਾਨ ਮੰਗਾਂ ਨੂੰ ਲੈ ਕੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਦਿੱਲੀ ਅੰਦੋਲਨ ਬਾਅਦ ਪਹਿਲੀ ਵਾਰ ਏਕੇ ਦੀ ਮੁੜ ਆਸ ਬੱਝੀ ਹੈ । ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਕਿਸਾਨ ਮੰਗਾਂ ਦੀ ਪੂਰਤੀ ਲਈ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਉੱਪਰ ਦਬਾਅ ਬਣਾਉਣ ਲਈ ਮਿਲਕੇ ਸੰਘਰਸ਼ ਕੀਤਾ ਜਾਵੇ। ਜੇਕਰ ਇਸ ਸੱਦੇ ਨੂੰ ਹਮਾਇਤ ਮਿਲਦੀ ਹੈ ਤਾਂ ਅਗਲੇ ਦਿਨਾਂ ਵਿੱਚ ਸਾਂਝੀ ਮੀਟਿੰਗ ਕਰਕੇ ਕਿਸਾਨਾਂ ਦੇ ਸੰਘਰਸ਼ ਦੀ ਨਵੀਂ ਰੂਪ ਰੇਖਾ ਵੀ ਉਲੀਕੀ ਜਾਵੇਗੀ। ਇਸ ਵੇਲੇ ਸੰਯੁਕਤ ਕਿਸਾਨ ਮੋਰਚੇ (ਗੈਰ ਸਿਆਸੀ) ਵਲੋਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਪਿਛਲੀ ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਵਲੋਂ ਕਈ ਦਿਨਾਂ ਤੋਂ ਜਥਿਆਂ ਦੇ ਰੂਪ ਵਿੱਚ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਦਿੱਲੀ ਵੱਲ ਵਧਿਆ ਜਾ ਰਿਹਾ ਹੈ ਪਰ ਹਰਿਆਣਾ ਸਰਕਾਰ ਹੰਝੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਕਿਸਾਨਾਂ ਨੂੰ ਅੱਗੇ ਵਧਣ ਤੋਂ ਲਗਾਤਾਰ ਰੋਕ ਰਹੀ ਹੈ।
ਅੱਜ ਕਿਸਾਨਾਂ ਨੇ ਰੋਸ ਵਜੋਂ ਪੰਜਾਬ ਨੂੰ ਛੱਡਕੇ ਹਰਿਆਣਾ ਸਮੇਤ ਵੱਖ ਵੱਖ ਸੂਬਿਆਂ ਵਿੱਚ ਟਰੈਕਟਰ ਮਾਰਚ ਵੀ ਕੀਤਾ ਹੈ ।ਟਰੈਕਟਰ ਮਾਰਚ ਕਰਕੇ ਕਿਸਾਨਾਂ ਨੇ ਸੁਨੇਹਾ ਦਿੱਤਾ ਹੈ ਕਿ ਕਿਸਾਨੀ ਮੰਗਾਂ ਕੇਵਲ ਪੰਜਾਬ ਦੀਆਂ ਨਹੀਂ ਸਗੋਂ ਸਾਰੇ ਦੇਸ਼ ਦੇ ਕਿਸਾਨਾਂ ਦੀਆਂ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਕਿਸਾਨ ਅੰਦੋਲਨ ਨੂੰ ਠੰਡਾ ਕਰਨ ਲਈ ਸਰਕਾਰ ਆਖ ਰਹੀ ਹੈ ਕਿ ਅੰਦੋਲਨ ਕੇਵਲ ਪੰਜਾਬ ਦੇ ਕਿਸਾਨਾਂ ਦਾ ਹੈ। ਖਾਸ ਤੌਰ ਤੇ ਹਰਿਆਣਾ ਦੇ ਕਿਸਾਨਾਂ ਨੇ ਅੱਜ ਟਰੈਕਟਰ ਮਾਰਚ ਵਿੱਚ ਵੱਧ ਚੜ੍ਹਕੇ ਹਿਸਾ ਲਿਆ ਹੈ।
ਇਸੇ ਦੌਰਾਨ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਇੱਕੀਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਉਨਾਂ ਦੀ ਲਗਾਤਾਰ ਵਿਗੜਦੀ ਸਿਹਤ ਸਾਰਿਆਂ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ। ਬੀਤੇ ਕੱਲ੍ਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਅਤੇ ਪੰਜਾਬ ਦੇ ਡੀ ਜੀ ਪੀ ਨੇ ਖਨੌਰੀ ਬਾਰਡਰ ਉੱਤੇ ਜਾਕੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਅਪੀਲ ਕੀਤੀ ਕਿ ਮਰਨ ਵਰਤ ਸਮਾਪਤ ਕਰ ਦੇਣ ਕਿਉਂ ਜੋ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰ ਰਹੀ ਹੈ ਪਰ ਡੱਲੇਵਾਲ ਨੇ ਮੰਗਾਂ ਮੰਨੇ ਜਾਣ ਤੋਂ ਪਹਿਲਾਂ ਮਰਨ ਵਰਤ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ ।ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨੇਤਾ ਡਾ ਦਰਸ਼ਨ ਪਾਲ ਅਤੇ ਕਈ ਹੋਰ ਕਿਸਾਨ ਆਗੂਆਂ ਨੇ ਡੱਲੇਵਾਲ ਦੀ ਸਿਹਤ ਦਾ ਹਾਲ ਮੋਰਚੇ ਵਿੱਚ ਜਾ ਕੇ ਜਾਣਿਆ । ਅਭੇ ਚੋਟਾਲਾ ਹਰਿਆਣਾ ਦੇ ਕਿਸਾਨ ਨੇਤਾ ਨੇ ਮਿਲਕੇ ਹਮਾਇਤ ਕੀਤੀ ਹੈ। ਕਿਸਾਨ ਆਗੂ ਚੜੂਨੀ ਨੇ ਵੀ ਮੋਰਚੇ ਵਿੱਚ ਜਾਕੇ ਸਾਂਝੇ ਸੰਘਰਸ਼ ਦੀ ਹਾਮੀ ਭਰੀ ਹੈ । ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਆਪ ਦੇ ਪਾਰਲੀਮੈਂਟ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ । ਬੀਬਾ ਹਰਸਿਮਰਤ ਬਾਦਲ ਨੇ ਪਾਰਲੀਮੈਂਟ ਵਿਚ ਕਿਸਾਨ ਮੰਗਾਂ ਮੰਨਣ ਲਈ ਜ਼ੋਰ ਦਿੱਤਾ ਹੈ।
ਇਸ ਸਥਿਤੀ ਵਿੱਚ ਪੰਧੇਰ ਵਲੋਂ ਕਿਸਾਨ ਆਗੂਆਂ ਨੂੰ ਮੰਗਾਂ ਦੀ ਪੂਰਤੀ ਲਈ ਇਕ ਪਲੇਟਫਾਰਮ ਉੱਤੇ ਇੱਕਠੇ ਹੋਣ ਦੀ ਕੀਤੀ ਅਪੀਲ ਬਹੁਤ ਅਹਿਮੀਅਤ ਰੱਖਦੀ ਹੈ। ਪਿਛਲੇ ਕੁਝ ਦਿਨਾਂ ਤੋਂ ਕਈ ਜਥੇਬੰਦੀਆਂ ਦੇ ਆਗੂਆਂ ਨੇ ਡੱਲੇਵਾਲ ਨਾਲ ਆਕੇ ਮੁਲਾਕਾਤ ਕੀਤੀ ਹੈ ਅਤੇ ਸਾਂਝੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਖ਼ਾਸ ਤੌਰ ਤੇ ਕਿਸਾਨ ਨੇਤਾ ਰਕੇਸ਼ ਟਿਕੈਤ ਨੇ ਖਨੌਰੀ ਬਾਰਡਰ ਉਪਰ ਆਕੇ ਸਾਂਝੇ ਸੰਘਰਸ਼ ਦਾ ਸੱਦਾ ਦਿੱਤਾ ਹੈ ।ਕਈ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਵੀ ਸਾਂਝੇ ਸੰਘਰਸ਼ ਦੀ ਗੱਲ ਨੂੰ ਹੁੰਗਾਰਾ ਭਰਿਆ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਸਾਂਝੇ ਸੰਘਰਸ਼ ਨਾਲ ਹੀ ਕਿਸਾਨ ਮੰਗਾਂ ਦੀ ਪੂਰਤੀ ਸੰਭਵ ਹੈ। ਇਹ ਸਹੀ ਹੈ ਕਿ ਪਹਿਲਾਂ ਡੱਲੇਵਾਲ ਅਤੇ ਪੰਧੇਰ ਨੇ ਸੰਘਰਸ਼ ਦੀ ਸ਼ੁਰੂਆਤ ਆਪਣੇ ਤੌਰ ਉਤੇ ਫੈਸਲਾ ਲੈਕੇ ਕੀਤੀ ਸੀ। ਹੁਣ ਬਦਲੇ ਹੋਏ ਹਾਲਾਤ ਅਨੁਸਾਰ ਪੰਧੇਰ ਵੱਲੋਂ ਲਿਖੇ ਪੱਤਰ ਅਤੇ ਟਿਕੈਤ ਦੇ ਏਕੇ ਦੇ ਸੱਦੇ ਨਾਲ ਏਕੇ ਦੀ ਆਸ ਬੱਝੀ ਹੈ।
ਸੰਪਰਕ 9814001186