ਬਰਨਾਲਾ: ਖੇਤੀ ਕਾਨੂੰਨਾਂ ਦੇ ਸੰਘਰਸ਼ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਬਰਨਾਲਾ ਵਿਖੇ ਐਫ਼ਸੀਆਈ ਦੇ ਦਫ਼ਤਰ ਅਤੇ ਗੁਦਾਮਾਂ ਅੱਗੇ ਕਿਸਾਨਾਂ ਵਲੋਂ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਘਿਰਾਓ ਕੇਂਦਰ ਸਰਕਾਰ ਅਤੇ ਐਫ਼ਸੀਆਈ ਵਲੋਂ ਫ਼ਸਲ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਵਲੋਂ ਜ਼ਮੀਨਾਂ ਦੇ ਵੇਰਵੇ ਦੇਣ ਸਮੇਤ ਹੋਰ ਸ਼ਰਤਾਂ ਲਗਾਉਣ ਦੇ ਰੋਸ ਵਜੋਂ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਸੰਗਠਨਾਂ ਦੇ ਹਰਜਿੰਦਰ ਕੌਰ, ਕ੍ਰਿਸ਼ਨ ਸਿੰਘ, ਸੰਦੀਪ ਸਿੰਘ ਅਤੇ ਚਮਕੌਰ ਸਿੰਘ ਨੇ ਕੇਂਦਰ ਸਰਕਾਰ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਣਕ ਦੀ ਖਰੀਦ ਦੇ ਸਮੇਂ ਬਿਨਾਂ ਵਜ੍ਹਾ ਸ਼ਰਤਾਂ ਲਗਾਈਆਂ ਗਈਆਂ ਹਨ।
ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਉੱਤੇ ਨਮੀ ਦੀ ਮਾਤਰਾ ਵਧਾ ਕਰ 12 ਫ਼ੀਸਦੀ ਕਰਨ, ਕਣਕ ਦੇ ਟੁੱਟੇ ਦਾਣਿਆਂ ਦੀ ਮਾਤਰਾ 4 ਫ਼ੀਸਦੀ ਤੋਂ ਘਟਕੇ 2 ਫ਼ੀਸਦੀ ਕਰਨ, ਕਣਕ ਦੇ ਖ਼ਰਾਬ ਹੋਏ ਦਾਣੇ ਦੀ ਮਾਤਰਾ 3 ਫ਼ੀਸਦੀ ਤੋਂ ਘੱਟ ਕਰ 1.50 ਫ਼ੀਸਦੀ ਕਰਨ ਅਤੇ ਫਸਲ ਵੇਚਣ ਵਾਲੇ ਕਿਸਾਨ ਦੀ ਜਮੀਨ ਦੀ ਜਮਾਬੰਦੀ ਲਗਾਉਣ ਵਰਗੀਆ ਸ਼ਰਤਾਂ ਲਗਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸਦੇ ਵਿਰੋਧ ਵਿੱਚ ਅੱਜ ਕਿਸਾਨ ਜੱਥੇਬੰਦੀਆਂ ਦੁਆਰਾ ਬਰਨਾਲਾ ਜਿਲ੍ਹੇ ਦੇ ਸਾਰੇ ਐਫ਼ਸੀਆਈ ਗੋਦਾਮਾਂ ਅਤੇ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ ਹੈ। ਉਥੇ ਹੀ ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਕੀਤੇ ਜਾ ਰਹੇ ਵਿਰੋਧ ਕਾਰਨ ਕਿਸਾਨਾਂ ਨੂੰ ਤੰਗ ਕਰ ਰਹੀ ਹੈ। ਕਿਸਾਨ ਸਰਕਾਰ ਦੀਆਂ ਸਾਰੀਆਂ ਪ੍ਰੇਸਾਨੀਆਂ ਝੱਲਣ ਲਈ ਤਿਆਰ ਹਨ, ਪਰ ਖੇਤੀ ਕਾਨੂੰਨਾਂ ਰੱਦ ਕਰਵਾਏ ਬਿਨਾਂ ਸੰਘਰਸ਼ ਵਾਪਸ ਨਹੀਂ ਲੈਣਗੇ।