ਚੰਡੀਗੜ੍ਹ, (ਅਵਤਾਰ ਸਿੰਘ): ਦਿੱਲੀ ਬਾਰਡਰ ‘ਤੇ ਕਿਸਾਨੀ ਸੰਘਰਸ਼ ਕਰ ਰਹੇ ਕਿਸਾਨ ਬੀਤੀ ਰਾਤ ਮੀਂਹ ਵਿੱਚ ਵੀ ਡਟੇ ਰਹੇ। ਹਾਂਲਾਕਿ ਉਨ੍ਹਾਂ ਨੂੰ ਬਾਰਿਸ਼ ਦੌਰਾਨ ਕਾਫੀ ਦਿੱਕਤਾਂ ਵੀ ਆਈਆਂ ਪਰ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ। ਤਾਜ਼ਾ ਰਿਪੋਰਟਾਂ ਮੁਤਾਬਿਕ ਦੇਸ਼ ਦੇ ਕਈ ਰਾਜਾਂ ਵਿੱਚ ਕੋਹਰੇ ਦਾ ਪ੍ਰਕੋਪ ਵੱਧ ਰਿਹਾ ਹੈ। ਇਸ ਨਾਲ ਠੰਢ ਦੀ ਜਕੜ ਵਧਣ ਦੀ ਸੰਭਾਵਨਾ ਹੈ। ਰਿਪੋਰਟਾਂ ਅਨੁਸਾਰ ਨਵੀਂ ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ, ਬਿਹਾਰ, ਸਿੱਕਮ, ਪੱਛਮੀ ਬੰਗਾਲ, ਓਡੀਸ਼ਾ ਦੇ ਕਈ ਇਲਾਕਿਆਂ ਵਿਚ ਕੋਹਰਾ ਵੱਧ ਰਿਹਾ ਹੈ। IMD ਅਨੁਸਾਰ ਮੱਧ ਪ੍ਰਦੇਸ਼, ਉੱਤਰਾਖੰਡ, ਮੱਧ ਮਹਾਰਾਸ਼ਟਰ, ਚੰਡੀਗੜ੍ਹ, ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹ ਵੀ ਸੰਭਾਵਨਾ ਜ਼ਾਹਿਰ ਕੀਤੀ ਹੈ ਕਿ ਉੱਤਰਾਖੰਡ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਗੜ੍ਹੇ ਪੈ ਸਕਦੇ ਹਨ।
ਮੁੰਬਈ ਅਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਸ਼ੁਕਰਵਾਰ ਨੂੰ ਹਲਕੀ ਬਾਰਿਸ਼ ਹੋਈ। ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿਚ ਅੱਜ ਤੜਕੇ ਗਰਜ ਨਾਲ ਮੀਂਹ ਪਿਆ। ਉੱਤਰ ਭਾਰਤ ਦੇ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਹੋਰ ਰਾਜਾਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਸ਼ੀਤ ਲਹਰ ਕਾਰਨ ਤਾਪਮਾਨ ਵਿਚ ਕੁਝ ਕਮੀ ਦਰਜ ਕੀਤੀ ਗਈ। ਅਰਬ ਸਾਗਰ ਅਤੇ ਉਸ ਦੇ ਦੱਖਣ ਪੱਛਮ ਖੇਤਰ ਉਪਰ ਬਣੇ ਹਵਾ ਦੇ ਦਬਾਅ ਕਾਰਨ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਵਧੇਰੇ ਹਿੱਸਿਆਂ ਅਤੇ ਭੋਪਾਲ ਵਿੱਚ ਹਲਕੀ ਬਾਰਿਸ਼ ਹੋਈ। ਦਿੱਲੀ ਵਿੱਚ ਘੱਟ ਤੋਂ ਘੱਟ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਵੱਧ ਤੋਂ ਵੱਧ ਤਾਪਮਾਨ 25.8 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਵੱਧ ਸੀ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਸੋਮਵਾਰ ਤਕ ਘੱਟ ਤੋਂ ਘੱਟ ਤਾਪਮਾਨ ਡਿੱਗ ਕੇ 8 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ।
IMD ਅਨੁਸਾਰ ਕੌਮੀ ਰਾਜਧਾਨੀ ਦਿੱਲੀ ਵਿੱਚ ਸ਼ਨਿਚਰਵਾਰ ਨੂੰ ਹਲਕਾ ਮੀਂਹ ਪੈਣ ਦੇ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਸ਼ੀਤ ਲਹਿਰ ਕਾਰਨ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਘੱਟ ਦਰਜ ਕੀਤਾ ਗਿਆ। ਲਾਹੌਲ ਸਪਿਤੀ ਦੇ ਕਈ ਹਿੱਸਿਆਂ ਕੇਲੋਂਗ ਵਿੱਚ ਤਾਪਮਾਨ ਜ਼ੀਰੋ ਤੋਂ 5.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਰਾਜ ਵਿੱਚ ਸਭ ਤੋਂ ਠੰਢਾ ਰਿਹਾ ਹੈ।