ਜਲੰਧਰ : ਖੇਤੀ ਕਾਨੂੰਨ ਖਿਲਾਫ਼ ਪੰਜਾਬ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿਚਾਲੇ ਕਿਸਾਨਾਂ ‘ਤੇ ਵੱਖ ਵੱਖ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਜਾ ਰਹੇ ਹਨ। ਜਿਸ ਦਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਵਿਰੋਧ ਜਤਾਇਆ ਗਿਆ। ਇਸ ਕਿਸਾਨ ਜਥੇਬੰਦੀ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਤਿੰਨ ਦਿਨਾਂ ਦੇ ਅੰਦਰ ਅੰਦਰ ਕਿਸਾਨਾਂ ਦੇ ਉਪਰ ਹੋਏ ਨਜਾਇਜ਼ ਪਰਚੇ ਰੱਦ ਨਹੀਂ ਕੀਤੇ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ।
ਜਲੰਧਰ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿਚ ਉਨ੍ਹਾਂ ਕਿਹਾ ਕਿ ਕਿਸਾਨਾਂ ‘ਤੇ ਨਾਜਾਇਜ਼ ਹੋਏ 307 ਦੇ ਪਰਚਿਆਂ ਨੂੰ 6 ਜਨਵਰੀ ਤਕ ਰੱਦ ਨਹੀਂ ਕੀਤਾ ਗਿਆ ਤਾਂ ਜਲੰਧਰ ਦੀਆਂ ਸੜਕਾਂ ‘ਤੇ ਕਿਸਾਨ ਜਥੇਬੰਦੀਆਂ ਉੱਤਰ ਜਾਣਗੀਆਂ। ਦੋ ਦਿਨ 6 ਅਤੇ 7 ਜਨਵਰੀ ਨੂੰ ਜਲੰਧਰ ਜ਼ਿਲ੍ਹੇ ਦੀਆਂ ਸਭ ਸੜਕਾਂ ਨੂੰ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਪੰਜਾਬ ਵਿੱਚ ਕਿਸਾਨਾਂ ਵੱਲੋਂ ਰਿਲਾਇੰਸ ਜੀਓ ਦੇ 1700 ਤੋਂ ਵੱਧ ਟਾਵਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਦੇ ਉਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਦਿਖਾਈ ਸੀ ਅਤੇ ਕਈ ਕਿਸਾਨਾਂ ‘ਤੇ ਪਰਚੇ ਵੀ ਦਰਜ ਕੀਤੇ ਸਨ। ਇਸ ਤੋਂ ਬੀਜੇਪੀ ਲੀਡਰਾਂ ਖਿਲਾਫ਼ ਹੋ ਰਹੇ ਰੋਸ ਪ੍ਰਦਰਸ਼ਨ ਦੌਰਾਨ ਵੀ ਕੁੱਝ ਕਿਸਾਨਾਂ ਖਿਲਾਫ਼ ਦੇਸ ਦਰਜ ਹੋਏ ਹਨ। ਇਹਨਾਂ ਸਾਰਿਆਂ ਪਰਚਿਆਂ ਨੂੰ ਰੱਦ ਕਰਨ ਲਈ ਹੁਣ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ।