ਆਨਲਾਈਨ ਪੋਰਟਲ ‘ਤੇ ਰਜਿਸਟ੍ਰੇਸ਼ਨ ਲਈ ਮੰਡੀ ਬੋਰਡ ਵੱਲੋਂ ਅਨਾਜ ਮੰਡੀਆਂ ‘ਚ ‘ਕਿਸਾਨ ਸਹਾਇਤਾ ਕੇਂਦਰ’ ਸਥਾਪਤ

TeamGlobalPunjab
2 Min Read

ਚੰਡੀਗੜ੍ਹ: ਮੌਜੂਦਾ ਹਾੜ੍ਹੀ ਮੰਡੀਕਰਨ ਸੀਜ਼ਨ ਦੌਰਾਨ ਸਿੱਧੀ ਅਦਾਇਗੀ ਦੀ ਪ੍ਰਣਾਲੀ ਪਹਿਲੀ ਵਾਰ ਲਾਗੂ ਹੋਣ ਨਾਲ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੂਰ ਕਰਨ ਲਈ ਪੰਜਾਬ ਮੰਡੀ ਬੋਰਡ ਨੇ ਸੂਬੇ ਦੀਆਂ ਅਨਾਜ ਮੰਡੀਆਂ ਵਿਚ ‘ਕਿਸਾਨ ਸਹਾਇਤਾ ਕੇਂਦਰ’ ਸਥਾਪਤ ਕੀਤੇ ਹਨ ਤਾਂ ਕਿ ਫਸਲ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਲਈ ਉਨ੍ਹਾਂ ਨੂੰ ਨਵੇਂ ਪੋਰਟਲ ਉਪਰ ਰਜਿਸਟਰ ਕੀਤਾ ਜਾ ਸਕੇ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਇਹ ਕਦਮ ਮਕਸਦ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਵੇਲੇ ਸਿਰ ਅਦਾਇਗੀ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ। ਇਸ ਵੇਲੇ ਤਕਰੀਬਨ 12 ਲੱਖ ਕਿਸਾਨਾਂ ਵਿੱਚੋਂ ਛੇ ਲੱਖ ਕਿਸਾਨ ਦੇ ਲੋੜੀਂਦੇ ਦਸਤਾਵੇਜ਼ https://anaajkharid.in/farmerRegistrations/farmerRegistrations ਉਪਰ ਅਪਲੋਡ ਕੀਤੇ ਜਾ ਚੁੱਕੇ ਹਨ।

ਭਗਤ ਨੇ ਅੱਗੇ ਦੱਸਿਆ ਕਿ ਇਹ ਹੈਲਪ ਡੈਸਕ ਨਵੇਂ ਪੋਰਟਲ ਉਤੇ ਰਜਿਸਟ੍ਰੇਸ਼ਨ ਲਈ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਲੋੜੀਂਦੀ ਸਹਾਇਤਾ ਅਤੇ ਸੇਧ ਦੇਣ ਵਿਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਬਹੁਤੇ ਕਿਸਾਨ ਤਕਨੀਕ ਨਾਲ ਨਹੀਂ ਜੁੜੇ ਹੋਏ ਜਿਸ ਕਰਕੇ ਮੰਡੀ ਬੋਰਡ ਵੱਲੋਂ ਛੇਤੀ ਤੋਂ ਛੇਤੀ ਰਜਿਸਟ੍ਰੇਸ਼ਨ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।

ਜਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਇਸ ਵਾਰ ਘੱਟੋ-ਘੱਟ ਸਮਰਥਨ ਮੁੱਲ ਉਤੇ ਖਰੀਦੀ ਜਾਣ ਵਾਲੀ ਫਸਲ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਦੀ ਪ੍ਰਣਾਲੀ ਨੂੰ ਅਮਲ ਵਿਚ ਲਿਆਂਦਾ ਹੈ।

- Advertisement -

ਇਸੇ ਦੌਰਾਨ ਹਾੜ੍ਹੀ ਮੰਡੀਕਰਨ ਸੀਜ਼ਨ, 2021-22 ਦੌਰਾਨ ਕਣਕ ਦੀ ਆਮਦ ਅਤੇ ਖਰੀਦ ਬਾਰੇ ਜਾਣਕਾਰੀ ਦਿੰਦੇ ਹੋਏ ਲਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਸੂਬੇ ਦੀਆਂ ਮੰਡੀਆਂ ਵਿਚ 64.25 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 59.78 ਲੱਖ ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦੋਂ ਕਿ ਪਿਛਲੇ ਵਰ੍ਹੇ ਇਸੇ ਦਿਨ ਤੱਕ 17.56 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਸੀ। ਕਣਕ ਦੀ ਆਮਦ ਵਿਚ ਸੰਗਰੂਰ ਜਿਲ੍ਹਾ ਮੋਹਰੀ ਹੈ ਜਿੱਥੇ ਹੁਣ ਤੱਕ 7.89 ਲੱਖ ਮੀਟਰਕ ਟਨ ਪਹੁੰਚੀ ਹੈ ਜਦਕਿ ਇਸ ਤੋਂ ਬਾਅਦ ਪਟਿਆਲਾ ਅਤੇ ਲੁਧਿਆਣਾ ਹਨ ਜਿੱਥੇ ਕ੍ਰਮਵਾਰ 6.30 ਲੱਖ ਮੀਟਰਕ ਟਨ ਅਤੇ 5.09 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਹੁਣ ਤੱਕ 10.59 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ।

Share this Article
Leave a comment