ਬਰਨਾਲਾ : ਦਿੱਲੀ ਕਿਸਾਨ ਮੋਰਚੇ ‘ਚੋਂ ਵਾਪਸ ਪਰਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਦੇ ਕਿਸਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਕਿਸਾਨ ਨਿਰਮਲ ਸਿੰਘ ਪਿਛਲੇ 25 ਦਿਨਾਂ ਤੋਂ ਦਿੱਲੀ ਮੋਰਚੇ ਵਿਚ ਗਿਆ ਹੋਇਆ ਸੀ। ਪਰਿਵਾਰ ਦੀ ਮਾੜੀ ਆਰਥਿਕ ਹਾਲਤ ਅਤੇ ਦਿੱਲੀ ਮੋਰਚੇ ਵਿੱਚ ਕਿਸਾਨਾਂ ਦੀ ਸੁਣਵਾਈ ਨਾ ਹੋਣ ਤੋਂ ਨਿਰਮਲ ਸਿੰਘ ਦੁਖੀ ਸੀ। ਜਿਸ ਕਰਕੇ ਉਸ ਨੇ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਆਪਣੇ ਘਰ ਵਿੱਚ ਬੀਤੀ ਰਾਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ।
ਮ੍ਰਿਤਕ ਕਿਸਾਨ ਦੀ ਪਤਨੀ ਸਰਬਜੀਤ ਕੌਰ ਨੇ ਕਿਹਾ ਕਿ ਨਿਰਮਲ ਸਿੰਘ ਲਗਾਤਾਰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਿਆ ਰਿਹਾ ਸੀ। ਕਿਸਾਨਾਂ ਦੀ ਹੋ ਰਹੀ ਮਾੜੀ ਦੁਰਦਸ਼ਾ ਤੋਂ ਉਹ ਬਹੁਤ ਪਰੇਸ਼ਾਨ ਸੀ। ਇਸ ਤੋਂ ਇਲਾਵਾ ਨਿਰਮਲ ਸਿੰਘ ਨੂੰ ਘਰ ਦੀ ਚਿੰਤਾ ਵੀ ਸਤਾ ਰਹੀ ਸੀ, ਕਿਉਂਕਿ ਪਰਿਵਾਰ ਕੋਲ ਕੋਈ ਜ਼ਮੀਨ ਨਹੀਂ ਹੈ ਤੇ ਘਰ ਦਾ ਗੁਜ਼ਾਰਾ ਦਿਹਾੜੀ ਲਗਾ ਕੇ ਹੀ ਕੀਤਾ ਜਾ ਰਿਹਾ ਸੀ। ਪਰ ਪਿਛਲੇ ਸਮੇਂ ਲੌਕਡਾਊਨ ਕਾਰਨ ਉਹ ਵੀ ਬੰਦ ਹੋ ਗਿਆ ਸੀ। ਉਨ੍ਹਾਂ ਦੇ ਇਕ ਬੇਟੇ ਦੇ ਗੁਰਦੇ ਫੇਲ੍ਹ ਹੋਣ ਕਾਰਨ ਸਾਰੀ ਜ਼ਮੀਨ ਉਸ ਦੇ ਇਲਾਜ ਵਿੱਚ ਚਲੀ ਗਈ ਅਤੇ ਬੱਚੇ ਦਾ ਵੀ ਬਚਾਅ ਨਾ ਹੋ ਸਕਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਮਹਿਤਾ ਨੇ ਕਿਹਾ ਕਿ ਦਿਨੋਂ ਦਿਨ ਕਿਸਾਨਾਂ ਦੀਆਂ ਸੰਘਰਸ਼ ਵਿੱਚ ਜਾ ਰਹੀਆਂ ਜਾਨਾਂ ਲਈ ਕੇਂਦਰ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਉਨ੍ਹਾਂ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦਾਨੀ ਸੱਜਣਾਂ ਅਤੇ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਖੋਏ ਵਗੈਰਾ ਲਿਜਾਣ ਦੀ ਥਾਂ ‘ ਤੇ ਅਜਿਹੇ ਗਰੀਬ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ।