ਚੰਡੀਗੜ੍ਹ: ਲਦਾਖ ਵਿੱਚ ਗਲਵਾਨ ਘਾਟੀ ‘ਚ ਭਾਰਤ-ਚੀਨ ਸਰਹੱਦ ‘ਤੇ ਚੀਨੀ ਫੌਜੀਆਂ ਨਾਲ ਝੜਪ ‘ਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ। ਸ਼ਹੀਦਾਂ ਨੂੰ ਆਖਰੀ ਸਲਾਮ ਦੇਣ ਲਈ ਸਵੇਰੇ ਤੋਂ ਉਨ੍ਹਾਂ ਦੇ ਪਿੰਡਾਂ ‘ਚ ਲੋਕ ਇਕੱਠੇ ਹੋ ਗਏ ਸਨ। ਸ਼ਹੀਦਾਂ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ।
ਗੁਰਦਾਸਪੁਰ ਦੇ ਸ਼ਹੀਦ ਸਤਨਾਮ ਦੀ ਮ੍ਰਿਤਕ ਦੇਹ ਪਹੁੰਚਣ ਤੇ ਲੋਕਾਂ ਨੇ ਫੁੱਲ ਬਰਸਾਏ ਅਤੇ ਸ਼ਹੀਦ ਸਤਨਾਮ ਅਮਰ ਰਹੇ ਦੇ ਨਾਅਰੇ ਲਾਏ। ਸ਼ਹੀਦ ਦੇ ਪੁੱਤ ਅਤੇ ਧੀ ਨੇ ਪਿਤਾ ਨੂੰ ਸਲਾਮੀ ਦੇ ਕੇ ਅੰਤਿਮ ਵਿਦਾਈ ਦਿੱਤੀ। ਪਿੰਡ ‘ਚ ਸਭ ਤੋਂ ਪਹਿਲਾਂ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਲਜਾਇਆ ਗਿਆ ਅਤੇ ਇਸ ਤੋਂ ਬਾਅਦ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ।
ਇਸੇ ਤਰ੍ਹਾਂ ਪਟਿਆਲਾ ਦੇ ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਪਿੰਡ ਦੀ ਧਰਮਸ਼ਾਲਾ ਦੇ ਬਾਹਰ ਰੱਖਿਆ ਗਿਆ। ਜਿਸ ਤੋਂ ਬਾਅਦ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।
ਦੱਸ ਦਈਏ ਕਿ ਭਾਰਤ-ਚੀਨ ਸਰਹੱਦ ‘ਤੇ ਚੀਨੀ ਫੌਜ ਨਾਲ ਝੜਪ ਵਿੱਚ ਪੰਜਾਬ ਦੇ ਸੰਗਰੂਰ ਦੇ ਗੁਰਬਿੰਦਰ ਸਿੰਘ, ਗੁਰਦਾਸਪੁਰ ਦੇ ਸਤਨਾਮ ਸਿੰਘ, ਪਟਿਆਲਾ ਦੇ ਮਨਦੀਪ ਸਿੰਘ ਅਤੇ ਮਾਨਸਾ ਦੇ ਗੁਰਤੇਜ ਸਿੰਘ ਸ਼ਹੀਦ ਹੋ ਗਏ ਸਨ। ਗੁਰਬਿੰਦਰ ਉਮਰ ‘ਚ ਸਭ ਤੋਂ ਛੋਟੇ ਸਨ ਉਨ੍ਹਾਂ ਨੇ ਸਿਰਫ਼ 22 ਸਾਲ ਦੀ ਉਮਰ ‘ਚ ਸ਼ਹੀਦੀ ਜਾਮ ਪੀ ਲਿਆ।