ਪੰਜਾਬੀ ਦੇ ਨਾਮਵਰ ਸ਼ਾਇਰ ਬਾਬੂ ਸਿੰਘ ਚੌਹਾਨ ਦਾ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬੀ ਦੇ ਨਾਮਵਰ ਸ਼ਾਇਰ ਬਾਬੂ ਸਿੰਘ ਚੌਹਾਨ ਸਦੀਵੀ ਵਿਛੋੜਾ ਦੇ ਗਏ ਹਨ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਕਸਬਾ ਖਮਾਣੋ ਨੇੜੇ ਪਿੰਡ ਗੋਸਲਾਂ ਦੇ ਜੰਮਪਲ ਬਾਬੂ ਸਿੰਘ ਚੌਹਾਨ ਸਾਹਿਤਕਾਰ ਹੋਣ ਦੇ ਨਾਲ ਨਾਲ ਸਮਾਜ ਸੇਵੀ ਵੱਜੋਂ ਵੀ ਸਰਗਰਮ ਰਹੇ। ਉਨ੍ਹਾਂ ਦੋ ਕਾਵਿ-ਸੰਗ੍ਰਹਿ ‘ਸੱਜਰੀ ਪੈੜ’ ਅਤੇ ‘ਅੱਖਰ ਅੱਖਰ ਅਹਿਸਾਸ’, ਵਿਅੰਗ ਰਚਨਾਵਾਂ ਦੀ ਕਿਤਾਬ ‘ਸੱਚ ਬੋਲਿਆਂ ਭਾਂਬੜ ਮੱਚਦਾ ਏ’, ਬਾਲ ਸਾਹਿਤ ਪੁਸਤਕਾਂ ‘ਚਿੜੀਆਂ ਨੂੰ ਲਿਖਾਂ ਚਿੱਠੀਆਂ’ ਅਤੇ ‘ਯਾਦਾਂ ਦੀ ਚੰਗੇਰ’ ਅਤੇ ਇਤਿਹਾਸ ਬਾਰੇ ਖੋਜ ਪੁਸਤਕਾਂ ‘ਖੇਮੋ ਬੇਗਮ ਤੋਂ ਹੁਣ ਤੀਕ ਖਮਾਣੋ’, ‘ਦੀਵਾਨ ਟੋਡਰ ਮੱਲ’, ‘ਸਿੱਖ ਇਤਿਹਾਸ ਦੇ ਸਰੋਕਾਰ, ਜੀਵਨ ਤੇ ਫ਼ਲਸਫਾ’ ਅਤੇ ਸ਼ਹੀਦੀ ਪੈਂਡੇ’ ਮੁੱਲਵਾਨ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ। ਉਹ ਲੰਮੇ ਸਮੇਂ ਤੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਰਗਰਮ ਜੀਵਨ ਮੈਂਬਰ ਸਨ। ਉਹ ਸਾਹਿਤ ਸਭਾ, ਖਮਾਣੋ ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਸੰਘੋਲ ਦੇ ਲੰਮਾ ਸਮਾ ਪ੍ਰਧਾਨ ਵੀ ਰਹੇ। ਗੁਰੂਘਰ ਅਤੇ ਲੋਕ ਸੇਵਾ ਨੂੰ ਪ੍ਰਣਾਏ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ, ਖਮਾਣੋ ਦੇ ਸਾਲ 1977 ਤੋਂ 1997 ਤਕ ਪ੍ਰਧਾਨ ਅਤੇ ਨਗਰ ਕੌਸਲ, ਖਮਾਣੋ ਦੇ 1998 ਤੋਂ 2003 ਤਕ ਕੌਸਲਰ ਰਹੇ। ਸ਼੍ਰੀ ਸੁਰਿੰਦਰ ਰਾਮਪੁਰੀ ਨੇ ‘ਬਾਬੂ ਸਿੰਘ ਚੌਹਾਨ-ਜੀਵਨ ਅਤੇ ਚੋਣਵੇਂ ਗੀਤ’ ਖੋਜ ਪੁਸਤਕ ਦੀ ਸੰਪਾਦਨਾ ਕਰਕੇ ਸ਼੍ਰੀ ਬਾਬੂ ਸਿੰਘ ਚੌਹਾਨ ਦੇ ਜੀਵਨ ਅਤੇ ਸਾਹਿਤਕ ਸਫਰ ਬਾਰੇ ਭਰਪੂਰ ਜਾਣਕਾਰੀ ਦਿੱਤੀ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ-ਦਰਸ਼ਨ ਬੁੱਟਰ, ਜਨਰਲ ਸਕੱਤਰ-ਡਾ. ਸੁਖਦੇਵ ਸਿੰਘ ਸਿਰਸਾ ਅਤੇ ਸਮੁੱਚੀ ਕਾਰਜਕਾਰਨੀ ਨੇ ਸ਼੍ਰੀ ਬਾਬੂ ਸਿੰਘ ਚੌਹਾਨ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਪ੍ਰਗਟ ਕੀਤੀ ਹੈ।

Share This Article
Leave a Comment