ਵਾਸ਼ਿੰਗਟਨ : ਪ੍ਰਸਿੱਧ ਭਾਰਤੀ ਕਲਾਸੀਕਲ ਸੰਗੀਤ ਗਾਇਕ ਪੰਡਿਤ ਜਸਰਾਜ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਉਨ੍ਹਾਂ ਦੀ ਮੌਤ ਅਮਰੀਕਾ ਦੇ ਨਿਊਜਰਸੀ ਵਿੱਚ ਹੋਈ। ਉਹ 90 ਸਾਲਾਂ ਦੇ ਸਨ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਤਾਲਾਬੰਦੀ ਹੋਣ ਤੋਂ ਬਾਅਦ ਪੰਡਿਤ ਜਸਰਾਜ ਨਿਊਜਰਸੀ ‘ਚ ਹੀ ਰਹਿ ਰਹੇ ਸਨ। ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਉਨ੍ਹਾਂ ਦੀ ਧੀ ਦੁਰਗਾ ਜਸਰਾਜ ਨੇ ਦੱਸਿਆ ਕਿ ਸਾਨੂੰ ਬੜੇ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਪੰਡਤ ਜਸਰਾਜ ਨੇ ਅਮਰੀਕਾ ਦੇ ਨਿਊਜਰਸੀ ਵਿੱਚ ਸਵੇਰੇ 5: 15 ਵਜੇ ਦਿਲ ਦਾ ਦੌਰਾ ਪੈਣ ਮਗਰੋਂ ਆਖਰੀ ਸਾਹ ਲਿਆ। ਇਸਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਭਗਵਾਨ ਕ੍ਰਿਸ਼ਨ ਉਨ੍ਹਾਂ ਦਾ ਪਿਆਰ ਨਾਲ ਸਵਰਗ ‘ਚ ਸਵਾਗਤ ਕਰਨ, ਜਿਥੇ ਪੰਡਿਤ ਜੀ ਹੁਣ ”ਓਮ ਨਮੋ ਭਾਗਵਤੇ ਵਾਸੂਦੇਵਿਆ” ਸਿਰਫ ਆਪਣੇ ਪਿਆਰੇ ਪ੍ਰਮਾਤਮਾ ਲਈ ਗਾਉਣਗੇ। ਅਸੀਂ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਹਮੇਸ਼ਾ ਸੰਗੀਤ ਵਿਚ ਸ਼ਾਂਤੀ ਮਿਲੇ।
ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨਾਲ ਆਪਣੀ ਇਕ ਤਸਵੀਰ ਟਵੀਟ ਕਰਦਿਆਂ ਲਿਖਿਆ ਕਿ ਪੰਡਿਤ ਜਸਰਾਜ ਦੇ ਮੰਦਭਾਗੇ ਦੇਹਾਂਤ ਨੇ ਭਾਰਤੀ ਸਭਿਆਚਾਰਕ ਖੇਤਰ ਵਿਚ ਡੂੰਘਾ ਪ੍ਰਭਾਵ ਪਾਇਆ ਹੈ। ਨਾ ਸਿਰਫ ਉਨ੍ਹਾਂ ਦਾ ਪ੍ਰਦਰਸ਼ਨ ਵਧੀਆ ਸੀ, ਉਨ੍ਹਾਂ ਨੇ ਬਹੁਤ ਸਾਰੇ ਹੋਰ ਗਾਇਕਾਂ ਲਈ ਵੀ ਇੱਕ ਅਸਧਾਰਨ ਗੁਰੂ ਦੇ ਰੂਪ ਵਿੱਚ ਇੱਕ ਪਛਾਣ ਬਣਾਈ। ਵਿਸ਼ਵ ਭਰ ਦੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਹੈ।
The unfortunate demise of Pandit Jasraj Ji leaves a deep void in the Indian cultural sphere. Not only were his renditions outstanding, he also made a mark as an exceptional mentor to several other vocalists. Condolences to his family and admirers worldwide. Om Shanti. pic.twitter.com/6bIgIoTOYB
— Narendra Modi (@narendramodi) August 17, 2020
ਦੱਸ ਦੇਈਏ ਕਿ ਪੰਡਿਤ ਜਸਰਾਜ ਦਾ ਜਨਮ 28 ਜਨਵਰੀ 1930 ਨੂੰ ਇੱਕ ਪਰਿਵਾਰ ਵਿੱਚ ਹੋਇਆ ਸੀ, ਜਿਸ ਨੂੰ 4 ਪੀੜ੍ਹੀਆਂ ਤੱਕ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਨੂੰ ਇੱਕ ਤੋਂ ਵੱਧ ਕਲਾਕਾਰ ਦੇਣ ਦਾ ਸਨਮਾਨ ਪ੍ਰਾਪਤ ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਡਿਤ ਮੋਤੀਰਾਮ ਜੀ ਖ਼ੁਦ ਮੇਵਤੀ ਘਰਾਨੇ ਦੇ ਪ੍ਰਸਿੱਧ ਸੰਗੀਤਕਾਰ ਸਨ।