ਚੰਡੀਗੜ੍ਹ: ਜੀਐਮਸੀਐਚ 32 ਵਿੱਚ ਵੀਰਵਾਰ ਦੀ ਦੇਰ ਰਾਤ ਕੋਰੋਨਾ ਸੰਕਮਿਤ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਨੇ ਹਸਪਤਾਲ ‘ਚ ਭੰਨਤੋੜ ਕੀਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਸ਼ਾਂਤ ਕਰਾਇਆ, ਫਿਲਹਾਲ ਹਾਲੇ ਕਿਸੇ ‘ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪ੍ਰੀਤ ਕਲੋਨੀ ਜ਼ਿਰਕਪੁਰ ਵਾਸੀ 42 ਸਾਲਾ ਕੋਰੋਨਾ ਪਾਜ਼ਿਟਿਵ ਮਰੀਜ਼ ਦੀ ਵੀਰਵਾਰ ਦੀ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ। ਮਰੀਜ਼ ਜੀਐਮਸੀਐਚ ਦੇ ਕੋਵਿਡ ਆਈਸੀਯੂ ਵਿੱਚ ਭਰਤੀ ਸੀ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ।
ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਨੇ ਡਾਕਟਰਾਂ ‘ਤੇ ਇਲਾਜ ਵਿੱਚ ਲਾਪਰਵਾਹੀ ਦੇ ਦੋਸ਼ ਲਗਾਏ ਤੇ ਆਈਸੀਯੂ ਦੇ ਅੰਦਰ ਭੰਨਤੋੜ ਕੀਤੀ, ਫਿਲਹਾਲ ਇਸ ਮਾਮਲੇ ‘ਤੇ ਹਸਪਤਾਲ ਪ੍ਰਸ਼ਾਸਨ ਚੁੱਪ ਹੈ। ਦੱਸ ਦਈਏ ਕਿ ਹਸਪਤਾਲ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਕਾਫ਼ੀ ਸਵਾਲ ਚੁੱਕੇ ਜਾ ਰਹੇ ਹਨ।
ਦੋ ਦਿਨ ਪਹਿਲਾਂ ਹੀ ਹਸਪਤਾਲ ਵਿੱਚ ਸੁਰੱਖਿਆ ਕਰਮਚਾਰੀ ਦਾ ਮਰੀਜ਼ ਦੇ ਨਾਲ ਆਏ ਨੌਜਵਾਨਾਂ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਹੈ।