ਖੇਤੀਬਾੜੀ ਯੂਨੀਵਰਸਟੀ ਵਿੱਚ ਪਲਾਂਟ ਜੈਨੇਟਿਕ ਸਰੋਤਾਂ ਦੀ ਸੂਚਨਾ ਬਾਰੇ ਵਿਸ਼ੇਸ਼ ਆਨਲਾਈਨ ਭਾਸ਼ਣ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵਿੱਚ ਨੈਸ਼ਨਲ ਅਕਾਦਮੀ ਆਫ਼ ਐਗਰੀਕਲਚਰਲ ਸਾਇੰਸਜ਼ (ਨਾਸ) ਦੀ ਲੁਧਿਆਣਾ ਇਕਾਈ ਵੱਲੋਂ ਇੱਕ ਵਿਸ਼ੇਸ਼ ਆਨਲਾਈਨ ਭਾਸ਼ਣ ਕਰਵਾਇਆ ਗਿਆ। ਪਲਾਂਟ ਜੈਨੇਟਿਕ ਰਿਸੋਰਸਿਜ਼ (ਪੀ ਜੀ ਆਰ) ਸੂਚਨਾ ਬਾਰੇ ਕਰਵਾਏ ਇਸ ਵਿਸ਼ੇਸ਼ ਭਾਸ਼ਣ ਦੇ ਵਕਤਾ ਆਈ ਸੀ ਏ ਆਰ ਦੇ ਰਾਸ਼ਟਰੀ ਫੈਲੋ ਡਾ. ਸੁਨੀਲ ਅਰਚਕ ਸਨ।
ਡਾ. ਅਰਚਕ ਨੇ ਦੱਸਿਆ ਕਿ ਪੀ ਜੀ ਆਰ ਸੂਚਨਾ ਵਿਗਿਆਨ ਵਿਸ਼ੇ ਸੰਬੰਧੀ ਸੂਚਨਾ ਦੇ ਪ੍ਰਬੰਧਨ ਅਤੇ ਵੱਖ-ਵੱਖ ਜਾਣਕਾਰੀਆਂ ਦੇ ਅਧਿਐਨ ਦਾ ਖੇਤਰ ਹੈ । ਇਸ ਬਾਰੇ ਕਿਸੇ ਵੀ ਕਿਸਮ ਦੀ ਸੂਚਨਾ ਢੁੱਕਵੀਂ, ਤਾਜ਼ਾ ਅਤੇ ਪ੍ਰਮਾਣਿਕ ਹੋਣੀ ਚਾਹੀਦੀ ਹੈ। ਡਾ. ਅਰਚਕ ਨੇ ਪੀ ਜੀ ਆਰ ਦੇ ਮਾਪਦੰਡਾਂ ਬਾਰੇ ਸਾਫਟਵੇਅਰ ਅਤੇ ਹੋਰ ਅੰਕੜਾ ਵਿਗਿਆਨ ਦੀਆਂ ਜਾਣਕਾਰੀ ਦਿੱਤੀ । ਉਹਨਾਂ ਨੇ ਇਸ ਵਿਧੀ ਦੇ ਕੰਮ ਕਰਨ ਦੇ ਤਰੀਕਿਆਂ ਅਤੇ ਪੌਦਿਆਂ ਦੇ ਜੈਨੇਟਿਕ ਵਿਕਾਸ ਵਿੱਚ ਇਸ ਸੂਚਨਾ ਪ੍ਰਣਾਲੀ ਦੀ ਵਰਤੋਂ ਦੇ ਫਾਇਦਿਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਬਦਲਦੇ ਸੰਸਾਰ ਦੀਆਂ ਨਵੀਆਂ ਸੂਚਨਾਵਾਂ ਨੂੰ ਆਪਣੇ ਵਿਦਿਆਰਥੀਆਂ ਅਤੇ ਅਧਿਆਪਨ ਅਮਲੇ ਨਾਲ ਸਾਂਝਾ ਕਰਨਾ ਪੀ.ਏ.ਯੂ. ਦਾ ਮੁੱਖ ਉਦੇਸ਼ ਹੈ । ਉਹਨਾਂ ਨੇ ਮਹਿਮਾਨ ਵਕਤਾ ਵੱਲੋਂ ਦਿੱਤੀ ਜਾਣਕਾਰੀ ਬਾਰੇ ਤਸੱਲੀ ਪ੍ਰਗਟਾਈ ਅਤੇ ਨਾਲ ਹੀ ਨਾਸ ਦੀ ਲੁਧਿਆਣਾ ਇਕਾਈ ਵੱਲੋਂ ਕਰਵਾਏ ਇਸ ਭਾਸ਼ਣ ਲਈ ਇਕਾਈ ਦੀ ਸ਼ਲਾਘਾ ਕੀਤੀ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਆਰੰਭਕ ਟਿੱਪਣੀ ਵਿੱਚ ਮਹਿਮਾਨ ਭਾਸ਼ਣ ਕਰਤਾ ਨਾਲ ਸੰਖੇਪ ਜਾਣ-ਪਛਾਣ ਕਰਵਾਉਂਦਿਆਂ ਉਹਨਾਂ ਦੇ ਖੋਜ ਅਤੇ ਅਕਾਦਮਿਕ ਕਾਰਜ ਤੋਂ ਬਿਨਾਂ ਅਧਿਆਪਨ ਦੇ ਤੌਰ ਤੇ ਉਹਨਾਂ ਦੀ ਦੇਣ ਬਾਰੇ ਗੱਲ ਕੀਤੀ । ਡਾ. ਬੈਂਸ ਨੇ ਦੱਸਿਆ ਕਿ ਡਾ. ਸੁਨੀਲ ਅਰਚਕ ਆਪਣੇ ਵਿਸ਼ੇ ਨਾਲ ਸੰਬੰਧਤ ਬਹੁਤ ਸਾਰੀਆਂ ਸੁਸਾਇਟੀਆਂ ਅਤੇ ਕਮੇਟੀਆਂ ਨਾਲ ਜੁੜੇ ਹੋਏ ਹਨ ।

ਨਾਸ ਦੀ ਲੁਧਿਆਣਾ ਇਕਾਈ ਦੇ ਇੰਚਾਰਜ਼ ਡਾ. ਪੀ ਕੇ ਛੁਨੇਜਾ ਨੇ ਕਿਹਾ ਕਿ ਨਾਸ ਭਾਸ਼ਣ ਲੜੀ ਦਾ ਉਦੇਸ਼ ਖੇਤੀ ਵਿਗਿਆਨ ਦੇ ਵਿਕਸਿਤ ਤਰੀਕਿਆਂ ਅਤੇ ਤਕਨੀਕਾਂ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣਾ ਹੈ ਤਾਂ ਜੋ ਪਸਾਰ, ਖੋਜ ਅਤੇ ਅਧਿਆਪਨ ਦੇ ਖੇਤਰ ਵਿੱਚ ਨਵੀਨ ਮੌਕੇ ਪੈਦਾ ਕੀਤੇ ਜਾ ਸਕਣ।

- Advertisement -

Share this Article
Leave a comment