ਸਾਬਕਾ ਕਾਂਗਰਸੀ ਸਰਪੰਚ ਦਾ ਕਤਲ, ਦੋ ਮੌਜੂਦਾ ਸਰਪੰਚਾਂ ਸਣੇ 5 ਖਿਲਾਫ ਮਾਮਲਾ ਦਰਜ

TeamGlobalPunjab
2 Min Read

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਬਲੜਵਾਲ ਕਾਂਗਰਸ ਦੇ ਦੋ ਸਰਪੰਚਾਂ ‘ਤੇ ਕਾਂਗਰਸ ਦੇ ਹੀ ਸਾਬਕਾ ਸਰਪੰਚ ਨੂੰ ਕੁੱਟ-ਕੁੱਟ ਕੇ ਮਾਰਨ ਦੇ ਦੋਸ਼ ਲੱਗੇ ਹਨ। ਪੀੜਤ ਪਰਿਵਾਰ ਵੱਲੋਂ ਚੋਣਵੀ ਰੰਜਿਸ਼ ਵਿੱਚ ਕਤਲ ਦਾ ਇਲਜ਼ਾਮ ਲਗਾਇਆ ਹੈ। ਅਜਨਾਲਾ ਥਾਣਾ ਮੁਖੀ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਛਨਾ ਸਾਰੰਗ ਦੇਵ ਪਿੰਡ ਵਾਸੀ ਮਲਕੀਅਤ ਸਿੰਘ ਦੇ ਬਿਆਨ ਉੱਤੇ 5 ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ‘ਚ ਦੋ ਮੌਜੂਦਾ ਕਾਂਗਰਸੀ ਸਰਪੰਚ, ਮ੍ਰਿਤਕ ਮੋਰ ਸਿੰਘ ਦੀ ਸਾਲੇਹਾਰ ਅਤੇ ਸਾਲੇਹਾਰ ਦਾ ਬੇਟਾ ਸ਼ਾਮਲ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਮੋਰ ਸਿੰਘ ਕਾਂਗਰਸ ਦੇ ਸਰਗਰਮ ਆਗੂ ਰਹਿ ਚੁੱਕੇ ਹਨ। ਕੁੱਝ ਸਾਲ ਪਹਿਲਾਂ ਉਹ ਬਲੜਵਾਲ ਆਬਾਦੀ ਸੋਹਣ ਸਿੰਘ ਪਿੰਡ ਤੋਂ ਸਰਪੰਚ ਦੀਆਂ ਚੋਣਾਂ ਜਿੱਤੇ ਸਨ। ਮੋਰ ਸਿੰਘ ਦੀ ਲੋਕਪ੍ਰਿਅਤਾ ਉਕਤ ਮੁਲਜ਼ਮਾਂ ਨੂੰ ਰਾਸ ਨਹੀਂ ਆ ਰਹੀ ਸੀ।

ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਮੁਲਜ਼ਮਾਂ ਨੇ ਕਿਸੇ ਬਹਾਨੇ ਮੋਰ ਸਿੰਘ ਨੂੰ ਖੇਤਾਂ ਵਿੱਚ ਸੱਦ ਲਿਆ ਅਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮਾਂ ‘ਚ ਸ਼ਾਮਲ ਸੋਨੂੰ ਸਿੰਘ ਨੇ ਪਰਿਵਾਰ ਨੂੰ ਫੋਨ ‘ਤੇ ਦੱਸਿਆ ਕਿ ਮੋਰ ਸਿੰਘ ਦੀ ਸਿਹਤ ਖ਼ਰਾਬ ਹੈ। ਉਹ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ ਜਿੱਥੇ ਮੋਰ ਸਿੰਘ ਦੀ ਖੂਨ ਨਾਲ ਲਥਪਥ ਦੇਹ ਪਈ ਸੀ। ਉਨ੍ਹਾਂ ਦੀ ਸਿਰੀ ਸਾਹਿਬ ਗਾਇਬ ਸੀ ਅਤੇ ਸਬੂਤ ਲੁਕਾਉਣ ਲਈ ਉਨ੍ਹਾਂ ਦੇ ਕੱਪੜੇ ਵੀ ਬਦਲੇ ਹੋਏ ਸਨ ਤੇ ਮੁਲਜ਼ਮ ਫਰਾਰ ਹੋ ਚੁੱਕੇ ਸਨ। ਐਸਐਸਪੀ ਵਿਕਰਮ ਦੁੱਗਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Share this Article
Leave a comment