ਜਲੰਧਰ: ਜਲੰਧਰ ‘ਚ ਅੱਜ ਸਵੇਰੇ ਤੜਕੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਉਸ ਵੇਲੇ ਦਿੱਤਾ ਗਿਆ ਜਦੋਂ ਵਿਅਕਤੀ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਣ ਜਾ ਰਿਹਾ ਸੀ। ਮਰਨ ਵਾਲੇ ਵਿਅਕਤੀ ਦੀ ਸ਼ਨਾਖ਼ਤ ਮਾਨ ਸਿੰਘ ਰਾਣਾ ਪਿੰਡ ਜਮਸ਼ੇਰ ਖਾਸ ਵਜੋਂ ਹੋਈ ਹੈ, ਮਾਨ ਸਿੰਘ ਆਪਣੇ ਪਿੰਡ ਦਾ ਸਾਬਕਾ ਪੰਚ ਸੀ।
ਮਾਨ ਸਿੰਘ ਸਵੇਰ ਵੇਲੇ ਗੁਰਦੁਆਰੇ ਮੱਥਾ ਟੇਕਣ ਲਈ ਜਾ ਰਿਹਾ ਸੀ ਤਾਂ ਅਚਾਨਕ ਬਾਈਕ ‘ਤੇ ਸਵਾਰ ਆਏ ਵਿਅਕਤੀਆਂ ਨੇ ਉਸ ਦੇ ਤਿੰਨ ਗੋਲੀਆਂ ਮਾਰ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਕਤਲ ਦੀ ਸੂਚਨਾ ਜਦੋਂ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੇ ਇਸ ਕਤਲ ਨੂੰ ਪੁਰਾਣੀ ਰੰਜਿਸ਼ ਦੱਸਿਆ।
ਗੋਲੀਆਂ ਲੱਗਣ ਨਾਲ ਮਾਨ ਸਿੰਘ ਮੌਕੇ ‘ਤੇ ਹੀ ਢਹਿ ਢੇਰੀ ਹੋ ਗਿਆ ਅਤੇ ਜ਼ਿਆਦਾ ਖੂਨ ਨਿਕਲਣ ਨਾਲ ਉਸ ਦੀ ਇੱਕ ਦੋ ਮਿੰਟ ਅੰਦਰ ਹੀ ਮੌਤ ਹੋ ਗਈ। ਹਮਲਾਵਰਾਂ ਅਤੇ ਮਾਨ ਸਿੰਘ ਵਿਚਾਲੇ ਪਿਛਲੇ ਕਈ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ ਸੀ। ਪੁਲਿਸ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਵਿਰੋਧੀ ਪਾਰਟੀ ਵੱਲੋਂ ਸੁਪਾਰੀ ਦੇ ਕੇ ਕਤਲ ਕਰਵਾਇਆ ਹੋ ਸਕਦਾ ਹੈ।