ਜਲੰਧਰ : ਸ਼ਹਿਰ ‘ਚ ਦਿਨ ਦਿਹਾੜੇ ਕੁਝ ਅਣਪਛਾਤੇ ਲੋਕਾਂ ਨੇ ਸਿਆਸੀ ਆਗੂ ਸੁਖਮੀਤ ਸਿੰਘ ਡਿਪਟੀ ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਰਕੇ ਉਸ ਦੀ ਮੌਤ ਹੋ ਗਈ।
ਐਤਵਾਰ ਦੁਪਹਿਰ ਬਾਅਦ ਸ਼ਹਿਰ ਦੇ ਗਾਜ਼ੀ ਗੁੱਲਾ ਚੌਕ ਨੇੜੇ ਹੋਈ ਇਸ ਵਾਰਦਾਤ ਨੂੰ ਸਵਿੱਫਟ ਕਾਰ ‘ਚ ਸਵਾਰ ਬਦਮਾਸ਼ਾਂ ਨੇ ਅੰਜਾਮ ਦਿੱਤਾ। ਇਹਨਾਂ ਬਦਮਾਸ਼ਾਂ ਨੇ ਜ਼ਿਲ੍ਹਾ ਕਾਂਗਰਸ ਦੇਹਾਤ ਦੇ ਸਾਬਕਾ ਪ੍ਰਧਾਨ ਸੁਖਮੀਤ ਸਿੰਘ ਡਿਪਟੀ ‘ਤੇ ਤਾਬੜਤੋੜ ਗੋਲ਼ੀਆਂ ਚਲਾਈਆਂ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਅਨੁਸਾਰ 8 ਰਾਊਂਡ ਤੋਂ ਜ਼ਿਆਦਾ ਗੋਲ਼ੀਆਂ ਚਲਾਈਆਂ ਗਈਆਂ। ਘਟਨਾ ਉਸ ਸਮੇਂ ਹੋਈ ਜਦੋਂ ਸੁਖਮੀਤ ਸਿੰਘ ਡਿਪਟੀ ਬਾਈਕ ‘ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸੀ। ਗੋਲ਼ੀਬਾਰੀ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।
ਜ਼ਖ਼ਮੀ ਸੁਖਮੀਤ ਨੂੰ ਸਤਿਅਮ ਹਸਪਤਾਲ ਲੈ ਜਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਮੁੱਢਲੀ ਜਾਂਚ ‘ਚ ਪੁਲਿਸ ਨੂੰ ਮੌਕੇ ਤੋਂ ਗੋਲ਼ੀਆਂ ਦੇ 8 ਖੋਲ ਮਿਲੇ ਹਨ।
ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।