ਭਾਰਤ ‘ਚ ਮਸਾਲਾ ਬਣਾਉਣ ਵਾਲੀ ਕੰਪਨੀ ਐਵਰੈਸਟ ‘ਤੇ ਸਿੰਗਾਪੁਰ ‘ਚ ਵੱਡਾ ਦੋਸ਼ ਲੱਗਾ ਹੈ। ਸਿੰਗਾਪੁਰ ਸਰਕਾਰ ਨੇ ਭਾਰਤ ਤੋਂ ਦਰਾਮਦ ਕੀਤੇ ਐਵਰੈਸਟ ਫਿਸ਼ ਕਰੀ ਮਸਾਲਾ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਮਸਾਲਿਆਂ ਵਿਚ ਕੀਟਨਾਸ਼ਕ ਐਥੀਲੀਨ ਆਕਸਾਈਡ ਦੀ ਵਰਤੋਂ ਵੱਡੀ ਮਾਤਰਾ ‘ਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਈਥੀਲੀਨ ਆਕਸਾਈਡ ਦੀ ਜ਼ਿਆਦਾ ਮਾਤਰਾ ਨੂੰ ਮਨੁੱਖੀ ਵਰਤੋਂ ਲਈ ਠੀਕ ਨਹੀਂ ਮੰਨਿਆ ਜਾਂਦਾ ਹੈ।
ਸਿੰਗਾਪੁਰ ਪ੍ਰਸ਼ਾਸਨ ਦੀ ਇਹ ਕਾਰਵਾਈ ਹਾਂਗਕਾਂਗ ਦੇ ਫੂਡ ਸੇਫਟੀ ਸੈਂਟਰ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਕੀਤੀ ਗਈ ਹੈ, ਇਸ ਨੋਟੀਫਿਕੇਸ਼ਨ ‘ਚ ਮਸਾਲੇ ‘ਚ ਜ਼ਿਆਦਾ ਐਥੀਲੀਨ ਆਕਸਾਈਡ ਦੀ ਮੌਜੂਦਗੀ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਭਾਰਤੀ ਕੰਪਨੀ ‘ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਕੀ ਭਾਰਤ ਤੋਂ ਆਯਾਤ ਕੀਤੇ ਮਸਾਲਿਆਂ ਦੀ ਹੋਵੇਗੀ ਵਾਪਸੀ ?
ਸਿੰਗਾਪੁਰ ਫੂਡ ਏਜੰਸੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਫੂਡ ਸੇਫਟੀ ਸੈਂਟਰ ਨੇ ਐਥੀਲੀਨ ਆਕਸਾਈਡ ਦੇ ਉੱਚ ਪੱਧਰ ਦੇ ਕਾਰਨ ਹਾਂਗਕਾਂਗ ਵਿੱਚ ਵਿਕਣ ਵਾਲੇ ਫਿਸ਼ ਕਰੀ ਮਸਾਲੇ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਿੰਗਾਪੁਰ ਫੂਡ ਏਜੰਸੀ (ਐਸਐਫਏ) ਨੇ ਮਸਾਲੇ ਦੀ ਦਰਾਮਦ ਕਰਨ ਵਾਲੀ ਕੰਪਨੀ ਐਸਪੀ ਮੁਥੱਈਆ ਐਂਡ ਸੰਨਜ਼ ਪ੍ਰਾਈਵੇਟ ਲਿਮਟਿਡ ਨੂੰ ਭਾਰਤੀ ਕੰਪਨੀ ਦੇ ਮੱਛੀ ਮਸਾਲੇ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮਸਾਲਾ ਵਾਪਸ ਕਿਉਂ ਕੀਤਾ ਜਾ ਰਿਹਾ ਹੈ?
ਈਥੀਲੀਨ ਆਕਸਾਈਡ ਨੂੰ ਆਮ ਤੌਰ ‘ਤੇ ਮਾਈਕਰੋਬਾਇਲ ਗੰਦਗੀ ਨੂੰ ਘਟਾਉਣ ਲਈ ਖੇਤਾ ‘ਚ ਛਿੜਕਿਆ ਜਾਂਦਾ ਹੈ। ਇਸਦੀ ਵਰਤੋਂ ਖੇਤੀ ਵਿੱਚ ਕੀਟਨਾਸ਼ਕ ਵਜੋਂ ਕੀਤੀ ਜਾਂਦੀ ਹੈ। ਸਿੰਗਾਪੁਰ ਫੂਡ ਏਜੰਸੀ ਨੇ ਕਿਹਾ ਹੈ ਕਿ ਸਿੰਗਾਪੁਰ ਦੇ ਨਿਯਮਾਂ ਦੇ ਤਹਿਤ ਮਸਾਲਿਆਂ ਦੀ ਸਟਰਲਾਈਜ਼ੇਸ਼ਨ ‘ਚ ਇਸ ਦੀ ਵਰਤੋਂ ‘ਤੇ ਪਾਬੰਦੀ ਦੇ ਬਾਵਜੂਦ ਐਵਰੈਸਟ ਫਿਸ਼ ਕਰੀ ਮਸਾਲਾ ਵੱਡੇ ਪੱਧਰ ‘ਤੇ ਮੌਜੂਦ ਪਾਇਆ ਗਿਆ, ਜਿਸ ਨਾਲ ਇਸ ਦਾ ਸੇਵਨ ਕਰਨ ਵਾਲਿਆਂ ਦੀ ਸਿਹਤ ਲਈ ਖਤਰਾ ਹੋ ਸਕਦਾ ਹੈ।
ਐਵਰੈਸਟ ਨੇ ਨਹੀਂ ਦਿੱਤੀ ਪ੍ਰਤੀਕਿਰਿਆ
ਐਵਰੈਸਟ ਕੰਪਨੀ ਨੇ ਇਸ ਪੂਰੇ ਮਾਮਲੇ ‘ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਐਵਰੈਸਟ ਇੱਕ ਭਾਰਤੀ MNC ਹੈ, ਜਿਸਦੀ ਸਾਲਾਨਾ ਆਮਦਨ ਲਗਭਗ 500 ਕਰੋੜ ਰੁਪਏ ਹੈ। ਐਵਰੈਸਟ ਮਸਾਲਾ ਕੰਪਨੀ ਦੀ ਨੀਂਹ ਵਾਡੀਲਾਲ ਸ਼ਾਹ ਨੇ ਰੱਖੀ ਸੀ, ਜਿਹਨਾਂ ਦਾ 4 ਸਾਲ ਪਹਿਲਾਂ ਮੁੰਬਈ ਵਿੱਚ ਦੇਹਾਂਤ ਹੋ ਗਿਆ ਸੀ।