ਜਗਤਾਰ ਸਿੰਘ ਸਿੱਧੂ;
ਪੰਜਾਬ ਵਿੱਚ ਪੱਤਰਕਾਰ ਦੇ ਤੌਰ ਤੇ ਜੇਕਰ ਵੱਡੇ ਅਤੇ ਸੰਵੇਦਨਸ਼ੀਲ ਮੁੱਦਿਆਂ ਉੱਪਰ ਨਜ਼ਰ ਮਾਰੀਏ ਤਾਂ ਸ਼ਾਇਦ ਪਿਛਲੇ ਕਈ ਦਹਾਕਿਆਂ ਤੱਕ ਕੋਈ ਅਜਿਹਾ ਮੌਕਾ ਨਜ਼ਰ ਨਹੀ ਆਏਗਾ ਜਦੋਂ ਸਮੁਚਾ ਪੰਜਾਬ ਸਰਕਾਰ ਸਮੇਤ ਕਿਸੇ ਮੌਕੇ ਤੇ ਇਕ ਥਾਂ ਆਕੇ ਖੜ ਗਿਆ ਹੋਵੇ ਪਰ ਅੱਜ ਪਾਣੀਆਂ ਦੇ ਮੁੱਦੇ ਉੱਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੁਲਾਈ ਸਰਬ ਪਾਰਟੀ ਮੀਟਿੰਗ ਵਿੱਚ ਸਮੁੱਚਾ ਪੰਜਾਬ ਮੁੱਖ ਮੰਤਰੀ ਮਾਨ ਨਾਲ ਆਕੇ ਖੜ੍ਹ ਗਿਆ ।ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਮੀਟਿੰਗ ਬੁਲਾਉਣ ਲਈ ਘੱਟ ਸਮਾਂ ਮਿਲਿਆ ਪਰ ਸਾਰੀਆਂ ਹੀ ਪਾਰਟੀਆਂ ਦੇ ਨਾ ਕੇਵਲ ਪ੍ਰਤੀਨਿਧ ਆਏ ਸਗੋਂ ਵੱਡੇ ਕੱਦਾਵਰ ਨੇਤਾ ਆਏ । ਮਿਸਾਲ ਵਜੋਂ ਅਕਾਲੀ ਦਲ ਦੇ ਵਫਦ ਵਿੱਚ ਡਾ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਆਏ। ਬੇਸ਼ਕ ਪਾਰਟੀ ਦੇ ਦੋਵੇਂ ਸੀਨੀਅਰ ਆਗੂ ਹਨ ਪਰ ਭੂੰਦੜ ਤਾਂ ਬਹੁਤ ਸੀਨੀਅਰ ਆਗੂ ਹਨ। ਇਸੇ ਤਰਾਂ ਭਾਜਪਾ ਦੇ ਦੋ ਮੈਂਬਰੀ ਵਫ਼ਦ ਵਿੱਚ ਮਨੋਰੰਜਨ ਕਾਲੀਆ ਅਤੇ ਸੁਨੀਲ ਜਾਖੜ ਸਨ ਦੋਵੇਂ ਸੀਨੀਅਰ ਆਗੂ ਹਨ ਪਰ ਜਾਖੜ ਤਾਂ ਪਾਰਟੀ ਪ੍ਰਧਾਨ ਦੇ ਨਾਲ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਇਕ ਨਾਂ ਹੈ । ਜਿੱਥੇ ਮੁੱਖ ਮੰਤਰੀ ਨੇ ਸਾਰਿਆਂ ਦਾ ਬੜੀ ਨਿਮਰਤਾ ਨਾਲ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਆਗੂਆਂ ਤੋਂ ਛੋਟੇ ਹਨ ਉੱਥੇ ਜਾਖੜ ਅਤੇ ਭੂੰਦੜ ਵੀ ਮੀਡੀਆ ਨੂੰ ਸੰਬੋਧਨ ਕਰਨ ਮੌਕੇ ਮੁੱਖ ਮੰਤਰੀ ਦੇ ਨਾਲ ਸੱਜੇ ਅਤੇ ਖੱਬੇ ਬੈਠੇ ਸਨ । ਮੁੱਖ ਵਿਰੋਧੀ ਧਿਰ ਕਾਂਗਰਸ ਦੇ ਵੀ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਆਏ ਸਨ। ਦੋਵੇਂ ਪਾਣੀਆਂ ਦੇ ਮਾਮਲੇ ਦੀ ਖਾਸ ਮੁਹਾਰਤ ਰੱਖਦੇ ਹਨ। ਹੋਰ ਪਾਰਟੀਆਂ ਦੇ ਪ੍ਰਤੀਨਿਧ ਵੀ ਸਨ। ਆਪ ਦੇ ਪ੍ਰਧਾਨ ਅਮਨ ਅਰੋੜਾ ਨਿਮਰਤਾ ਨਾਲ ਦੂਜੇ ਆਗੂਆਂ ਨੂੰ ਕੁਰਸੀਆਂ ਤੇ ਬਿਠਾਉਂਦੇ ਵੇਖੇ ਗਏ।
ਮੁੱਖ ਮੰਤਰੀ ਮਾਨ ਨੇ ਮੀਡੀਆ ਨਾਲ ਮੁਲਾਕਾਤ ਵੇਲੇ ਸਾਰੇ ਆਗੂਆਂ ਨੂੰ ਨਾਲ ਬਿਠਾਇਆ। ਮੀਟਿੰਗ ਵੀ ਦੋ ਘੰਟੇ ਚੱਲੀ ਪਰ ਉਸ ਤੋਂ ਬਾਅਦ ਮੀਡੀਆ ਅੱਗੇ ਸਾਰੇ ਆਗੂਆਂ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਮਾਨ ਨੇ ਆਪਣੇ ਸਟੈਂਡ ਨੂੰ ਮੁੜ ਦੁਹਰਾਇਆ ਕਿ ਹਰਿਆਣਾ ਨੂੰ ਧੱਕੇ ਨਾਲ ਪੰਜਾਬ ਦਾ ਪਾਣੀ ਨਹੀਂ ਲੈਣ ਦਿਆਂਗੇ। ਸਗੋਂ ਜਾਖੜ ਅਤੇ ਭੂੰਦੜ ਨੇ ਵੀ ਕਿਹਾ ਕਿ ਉਰ ਸਾਰੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਮਾਨ ਦੇ ਨਾਲ ਹਨ। ਆਲ ਪਾਰਟੀ ਮੀਟਿੰਗ ਵਲੋਂ ਜੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਪ੍ਰੋਗਰਾਮ ਬਣਿਆ ਤਾਂ ਸਾਰੇ ਜਾਣਗੇ। ਬਲਕਿ ਮੁੱਖ ਮੰਤਰੀ ਮਾਨ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਦੇ ਹਿੱਤ ਲਈ ਰਾਜਸੀ ਆਗੂਆਂ ਦਾ ਚੈਨਲਾਂ ਤੇ ਬਿਠਾਕੇ ਭੇੜ ਨਾ ਕਰਵਾਇਆ ਜਾਵੇ।
ਸੋਮਵਾਰ ਨੂੰ ਪਾਣੀਆਂ ਦੇ ਮੌਜੂਦਾ ਮੁੱਦੇ ਉਤੇ ਹੀ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਗਿਆ ਹੈ ਜਿਸ ਵਿੱਚ ਸਮੁਚਾ ਪੰਜਾਬ ਇੱਕ ਥਾਂ ਖੜਾ ਨਜ਼ਰ ਆਏਗਾ। ਵੱਖ-ਵੱਖ ਕਿਸਾਨ ਜਥੇਬੰਦੀਆਂ ਵੀ ਪੰਜਾਬ ਦਾ ਪਾਣੀ ਧੱਕੇ ਨਾਲ ਹਰਿਆਣਾ ਨੂੰ ਦੇਣ ਦਾ ਵਿਰੋਧ ਕਰ ਰਹੀਆਂ ਹਨ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਨੇ ਵੀ ਪੰਜਾਬ ਦਾ ਪਾਣੀ ਖੋਹ ਕੇ ਹਰਿਆਣਾ ਨੂੰ ਦੇਣ ਦਾ ਤਿੱਖਾ ਵਿਰੋਧ ਕੀਤਾ ਹੈ।
ਪੰਜਾਬ ਵਿੱਚ ਅਜਿਹਾ ਮੌਕਾ ਦਹਾਕਿਆਂ ਬਾਅਦ ਆਇਆ ਹੈ ਜਦੋਂ ਸਮੁਚਾ ਪੰਜਾਬ ਮੁੱਖ ਮੰਤਰੀ ਦੇ ਨਾਲ ਖੜਾ ਹੈ ਅਤੇ ਸ਼ਾਇਦ ਕੇਂਦਰ ਨੂੰ ਵੀ ਇਸ ਤੋਂ ਬੇਹਤਰ ਸੁਨੇਹਾ ਨਹੀਂ ਹੋ ਸਕਦਾ…
ਸੰਪਰਕ 9814002186