ਅੰਮ੍ਰਿਤਸਰ: ਅੰਮ੍ਰਿਤਸਰ ਦੇ ਖੰਡਵਾਲਾ ‘ਚ ਠਾਕੁਰਦੁਆਰਾ ਮੰਦਿਰ ‘ਚ ਧਮਾਕਾ ਕਰਨ ਵਾਲਿਆਂ ਨਾਲ ਪੁਲਿਸ ਮੁੱਠਭੇੜ ਹੋ ਗਈ ਹੈ। ਇਸ ਮੁਕਾਬਲੇ ਵਿੱਚ ਇੱਕ ਬਦਮਾਸ਼ ਦੀ ਮੌਤ ਹੋ ਗਈ ਹੈ। ਮ੍ਰਿਤਕ ਮੁਲਜ਼ਮ ਦੀ ਪਛਾਣ ਗੁਰਸਿਦਕ ਉਰਫ਼ ਸਿਦਕੀ ਵਜੋਂ ਹੋਈ ਹੈ, ਜਦੋਂਕਿ ਦੂਜਾ ਸਾਥੀ ਵਿਸ਼ਾਲ ਉਰਫ਼ ਚੂਈ ਫਰਾਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਏਅਰਪੋਰਟ ਰੋਡ ‘ਤੇ ਸਥਿਤ ਹੋਟਲ ਰੈਡੀਸਨ ਨੇੜੇ ਮੁਲਜ਼ਮਾਂ ਦੀ ਪੁਲਿਸ ਨਾਲ ਝੜਪ ਹੋ ਗਈ। ਪੁਲਿਸ ਨੇ ਪਿੱਛਾ ਕੀਤਾ ਤਾਂ ਬਦਮਾਸ਼ਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਦੋਸ਼ੀ ਨੂੰ ਗੋਲੀ ਲੱਗ ਗਈ, ਜਖਮੀ ਗੁਰਸਿਦਕ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਗੋਲੀਬਾਰੀ ‘ਚ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਖੱਬੇ ਹੱਥ ‘ਤੇ ਗੋਲੀ ਲੱਗ ਗਈ, ਜਦੋਂਕਿ ਇਕ ਗੋਲੀ ਇੰਸਪੈਕਟਰ ਅਮੋਲਕ ਸਿੰਘ ਦੀ ਪੱਗ ਅਤੇ ਪੁਲਿਸ ਦੀ ਗੱਡੀ ਨੂੰ ਵੀ ਲੱਗੀ।
ਫਿਲਹਾਲ ਫਰਾਰ ਦੋਸ਼ੀ ਵਿਸ਼ਾਲ ਦੀ ਭਾਲ ਜਾਰੀ ਹੈ ਅਤੇ ਪੁਲਿਸ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਕਰੀਬ 12:35 ਵਜੇ ਇਨ੍ਹਾਂ ਦੋ ਬਦਮਾਸ਼ਾਂ ਨੇ ਮੰਦਿਰ ਦੇ ਬਾਹਰ ਗ੍ਰੇਨੇਡ ਹਮਲਾ ਕੀਤਾ ਸੀ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਜਦੋਂ ਗ੍ਰਨੇਡ ਫਟਿਆ ਤਾਂ ਮੰਦਿਰ ਵਿੱਚ ਕੋਈ ਸ਼ਰਧਾਲੂ ਨਹੀਂ ਸੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।