ਸੰਗਰੂਰ: ਸੰਗਰੂਰ ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਹਾਸਿਲ ਹੋਈ ਜਦੋਂ ਭਵਾਨੀਗੜ੍ਹ ਇਲਾਕੇ ਵਿੱਚ ਪੁਲਿਸ ਅਤੇ ਕੁਝ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਜਿਸ ਵਿੱਚ ਟਾਰਗੇਟ ਕਿਲਿੰਗ ਕਰਨ ਆਏ ਗੈਂਗਸਟਰ ਨੂੰ ਪੁਲਿਸ ਨੇ ਕਾਬੂ ਕਰ ਲਿਆ । ਉਸ ਕੋਲੋਂ ਆਸਟਰੀਆ ਗਲੋਕ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਅਸਲੇ ਦੀ ਬਰਾਮਦਗੀ ਲਈ ਲਿਆਂਦੇ ਇਕ ਗੈਂਗਸਟਰ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ ਪੁਲਿਸ ਵੱਲੋਂ ਕੀਤੇ ਗਏ ਜਵਾਬੀ ਹਮਲੇ ’ਚ ਗੈਂਗਸਟਰ ਦੀ ਲੱਤ ’ਚ ਗੋਲ਼ੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਜਿਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਗੈਂਗਸਟਰ ਦਾ ਨਾਮ ਮਨਿੰਦਰ ਦਸਿਆ ਜਾ ਰਿਹਾ ਹੈ ਜੋ ਕਿ ਮੁਹਾਲੀ ਦਾ ਰਹਿਣ ਵਾਲਾ ਹੈ । ਟਾਰਗੇਟ ਕਿਲਿੰਗ ਨੂੰ ਅੰਜ਼ਾਮ ਦੇਣ ਲਈ ਭਵਾਨੀਗੜ੍ਹ ਦੇ ਨਦਾਮਪੁਰ ਰੋਡ ’ਤੇ ਆਸਟਰੀਆ ਗ਼ਲੌਕ ਦੀ ਰਿਕਵਰੀ ਕਰਨ ਆਇਆ ਸੀ ਜਿਸ ਦੇ ਦੌਰਾਨ ਪੁਲਿਸ ਨੇ ਉਸ ਨੂੰ ਫੜ ਲਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਮਨਿੰਦਰ ਨਾਮ ਦੇ ਗੈਂਗਸਟਰ ਨੂੰ ਜੇਲ ‘ਚ ਬੈਠੇ ਇਕ ਗੈਂਗਸਟਰ ਵੱਲੋ ਟਾਰਗੇਟ ਕਿਲਿੰਗ ਸਬੰਧੀ ਗਾਈਡ ਕੀਤਾ ਜਾ ਰਿਹਾ ਸੀ , ਪੁਲਿਸ ਇਸ ਮਾਮਲੇ ’ਚ ਹੋਰ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਆਪਣੀ ਪਹੁੰਚੇ ਐੱਸ.ਪੀ ਸੰਗਰੂਰ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਸੀ.ਆਈ.ਏ ਸਟਾਫ਼ ਦੇ ਇੰਚਾਰਜ ਸੰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਇਕ ਗੈਂਗਸਟਰ ਮਨਿੰਦਰ ਸਿੰਘ ਵਾਸੀ ਮੋਹਾਲੀ ਨੂੰ ਅਸਲੇ ਦੀ ਰਿਕਵਰੀ ਲਈ ਉਸ ਵੱਲੋ ਦੱਸੇ ਸਥਾਨ ਪਿੰਡ ਨਦਾਮਪੁਰ ਤੋਂ ਪਿੰਡ ਥੰਮਣ ਸਿੰਘ ਵਾਲਾ ਨੂੰ ਜਾਣ ਵਾਲੀ ਨਹਿਰ ਦੀ ਪਟੜੀ ਵਾਲੀ ਸੜਕ ‘ਤੇ ਲਿਆਂਦਾ ਗਿਆ ਤਾਂ ਉਸ ਨੇ ਤੁਰੰਤ ਇੱਥੇ ਖਤਾਨਾਂ ’ਚ ਲੁਕਾ ਕੇ ਰੱਖੀ ਇਕ ਵਿਦੇਸ਼ੀ ਪਿਸਤੌਲ ਨਾਲ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਗੈਂਗਸਟਰ ਵੱਲੋਂ ਪੁਲਿਸ ਪਾਰਟੀ ‘ਤੇ ਕੀਤੀ ਗਈ ਫਾਇਰਿੰਗ ’ਚ ਇਕ ਗੋਲ਼ੀ ਇਕ ਪੁਲਿਸ ਮੁਲਾਜ਼ਮ ਦੀ ਪੱਗ ਨੂੰ ਛੂੰਹਦੀ ਹੋਈ ਲੰਘੀ ਅਤੇ ਇਕ ਪੁਲਿਸ ਦੀ ਗੱਡੀ ਉੱਪਰ ਲੱਗੀ। ਪੁਲਿਸ ਮੁਲਾਜ਼ਮਾਂ ਨੇ ਆਪਣਾ ਬਚਾਅ ਕਰਨ ਦੇ ਨਾਲ-ਨਾਲ ਜਵਾਬੀ ਫਾਇਰਿੰਗ ਕਰਦਿਆਂ ਗੈਂਗਸਟਰ ਦੀ ਲੱਤ ’ਚ ਗੋਲ਼ੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਕਾਬੂ ਕਰ ਲਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।