ਚੰਡੀਗੜ੍ਹ : ਗਣਤੰਤਰ ਦਿਵਸ ਹਿੰਸਾ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਵੱਡਾ ਝਟਕਾ ਲੱਗਿਆ ਹੈ। ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਹਰਿਆਣਾ ਵਿੱਚ ਮਹਾਂ ਪੰਚਾਇਤਾਂ ਬੁਲਾਈਆਂ ਗਈਆਂ ਹਨ। ਦੂਸਰੇ ਪਾਸੇ ਪੰਜਾਬ ਵਿੱਚ ਵੀ ਪਿੰਡ-ਪਿੰਡ ਪੱਧਰ ‘ਤੇ ਹੋਕਾ ਦਿੱਤਾ ਜਾ ਰਿਹਾ ਹੈ ਕਿ ਹਰ ਘਰ ‘ਚੋਂ ਇਕ ਵਿਅਕਤੀ ਦਿੱਲੀ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ ਜਾਵੇ।
ਹਰਿਆਣਾ ਜ਼ਿਲ੍ਹੇ ਦੇ ਜੀਂਦ ਵਿੱਚ ਕਈ ਪਿੰਡਾਂ ਵਿੱਚ ਅੱਜ ਖਾਪਾਂ ਵੱਲੋਂ ਮਹਾਂ ਪੰਚਾਇਤਾਂ ਸੱਦੀਆਂ ਗਈਆਂ ਹਨ। ਇਕ ਪਾਸੇ ਜਿੱਥੇ ਕੰਡੇਲਾ ਦੇ ਚਬੂਤਰੇ ‘ਤੇ ਮਹਾਂ ਪੰਚਾਇਤ ਬੁਲਾਈ ਗਈ ਹੈ ਤਾਂ ਦੂਸਰੇ ਪਾਸੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਵਿਧਾਨਸਭਾ ਹਲਕਾ ਉਚਾਨਾ ਵਿੱਚ ਵੀ ਕਿਸਾਨਾਂ ਨੇ ਐਮਰਜੈਂਸੀ ਬੈਠਕ ਬੁਲਾਈ ਹੈ। ਇਸ ਬੈਠਕ ਵਿੱਚ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਨਵੀਂ ਰਣਨੀਤੀ ਘੜੀ ਜਾ ਸਕਦੀ ਹੈ।