ਨਿਊਜ ਡੈਸਕ : ਐਲਨ ਮਸਕ ਨੂੰ ਟਵਿਟਰ ਦਾ ਬੌਸ ਬਣੇ ਅਜੇ ਮਹਿਜ਼ ਦੋ ਹਫ਼ਤੇ ਹੋਏ ਹਨ ਕਿ ਇਸ ਦੌਰਾਨ ਟਵਿੱਟਰ ਵਿੱਚ ਵੱਡੇ ਬਦਲਾਅ ਹੋ ਰਹੇ ਹਨ। ਪਹਿਲਾਂ ਸਟਾਫ ਨੂੰ ਵੱਡੇ ਪੱਧਰ ‘ਤੇ ਹਟਾਇਆ ਗਿਆ ਅਤੇ ਹੁਣ ਟਵਿਟਰ ‘ਤੇ ਅਸਤੀਫ਼ਿਆਂ ਦੀ ਕਤਾਰ ਲੱਗ ਗਈ ਹੈ। ਇਸ ਦੌਰਾਨ, ਐਲਨ ਮਸਕ ਨੇ ਟਵਿੱਟਰ ਦੇ ਸਟਾਫ ਨੂੰ ਕਈ ਚੇਤਾਵਨੀਆਂ ਜਾਰੀ ਕੀਤੀਆਂ ਹਨ। ਮੀਡੀਆ ਰਿਪੋਰਟ ਮੁਤਾਬਕ ਟਵਿਟਰ ਕਰਮਚਾਰੀਆਂ ਨੂੰ ਹਰ ਹਫਤੇ 80 ਘੰਟੇ ਕੰਮ ਕਰਨਾ ਹੋਵੇਗਾ। ਇਸ ਦੇ ਨਾਲ ਹੀ ਦਫ਼ਤਰ ਵਿੱਚ ਮਿਲਣ ਵਾਲੀਆਂ ਸਹੂਲਤਾਂ ਵਿੱਚ ਵੀ ਕਟੌਤੀ ਕੀਤੀ ਗਈ ਹੈ।
ਜਾਣਕਾਰੀ ਮੁਤਾਬਿਕ ਸਟਾਫ ਦਾ ਦਫਤਰ ‘ਚ ਮੁਫਤ ਖਾਣਾ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਟਾਫ ਮੈਂਬਰਾਂ ਦਾ ਵਰਕ ਫਰਾਮ ਹੋਮ ਵੀ ਖਤਮ ਕਰ ਦਿੱਤਾ ਗਿਆ ਹੈ। ਇਸ ਮਾਮਲੇ ਤੋਂ ਜਾਣੂ ਇਕ ਵਿਅਕਤੀ ਦੇ ਅਨੁਸਾਰ, ਐਲੋਨ ਮਸਕ ਨੇ ਕਿਹਾ, “ਜੇਕਰ ਤੁਸੀਂ ਨਹੀਂ ਆਉਣਾ ਚਾਹੁੰਦੇ ਤਾਂ ਤੁਹਾਡਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ।”
ਐਲੋਨ ਮਸਕ ਦੇ ਭਵਿੱਖ ਅਤੇ ਵਿੱਤੀ ਸਥਿਤੀ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ਕੰਪਨੀ ਨੂੰ $8 ਸਬਸਕ੍ਰਿਪਸ਼ਨ ਉਤਪਾਦ ਬਣਾਉਣ ਦੀ ਜ਼ਰੂਰਤ ਹੈ। ਐਲੋਨ ਮਸਕ ਨੇ ਕੰਪਨੀ ਦੀ ਕਮਜ਼ੋਰ ਵਿੱਤੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਰਮਚਾਰੀਆਂ ਨੂੰ ਟਵਿੱਟਰ ਦੀਵਾਲੀਆ ਹੋਣ ਦਾ ਡਰ ਵੀ ਦਿਖਾਇਆ ਹੈ।