ਡਾ. ਬਲਜੀਤ ਕੋਰ ਦੀ ਕੋਸ਼ਿਸ਼ਾਂ ਨਾਲ ਲੱਖੇਵਾਲੀ ‘ਚ ਵੱਡੀ ਦਾਣਾ ਮੰਡੀ ਦੀ ਉਸਾਰੀ ਦਾ ਰਾਹ ਹੋਇਆ ਸਾਫ

Global Team
2 Min Read

ਚੰਡੀਗੜ੍ਹ: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਤੇ ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੋਰ ਦੀ ਕੋਸ਼ਿਸ਼ਾਂ ਨਾਲ ਉਨ੍ਹਾਂ ਦੇ ਹਲਕੇ ਦੀ ਲੱਖੇਵਾਲੀ ਜ਼ੈਲ ਦੇ ਪਿੰਡਾਂ ਦੀ ਇਕ ਵੱਡੀ ਮੰਗ ਨੂੰ ਬੂਰ ਪਿਆ ਹੈ। ਲੱਖੇਵਾਲੀ ਵਿਚ ਬਣੀ ਅਨਾਜ ਮੰਡੀ ਨੂੰ ਵਿਸਥਾਰ ਦਿੱਤਾ ਜਾਵੇਗਾ ਜਿਸ ਨਾਲ ਆਸਪਾਸ ਦੇ ਅੱਧੀ ਦਰਜਨ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਵਿਚ ਸੌਖ ਹੋਵੇਗੀ ਅਤੇ ਇਲਾਕੇ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ। ਪਹਿਲਾਂ ਇਹ ਮੰਡੀ ਬਹੁਤ ਛੋਟੀ ਸੀ ਪਰ ਹੁਣ ਲੱਖੇਵਾਲੀ ਪਿੰਡ ਦੀ ਗਰਾਮ ਪੰਚਾਇਤ ਨੇ ਆਪਣੀ 5 ਕਨਾਲ 8 ਮਰਲੇ ਸ਼ਾਮਲਾਤ ਜਮੀਨ ਪੰਜਾਬ ਮੰਡੀ ਬੋਰਡ ਨੂੰ ਨਵੀਂ ਦਾਣਾ ਮੰਡੀ ਦੇ ਫੜ ਦੀ ਚੌੜਾਈ ਵਧਾਉਣ ਅਤੇ ਉਸਾਰੀ ਲਈ ਦਾਨ ਵਜੋਂ ਦੇਣ ਦਾ ਫੈਸਲਾ ਲਿਆ ਹੈ।

ਇਸ ਸੰਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਮੁਕਤਸਰ ਸਾਹਿਬ ਨੂੰ ਲਿਖੇ ਪੱਤਰ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਜਿਲ੍ਹਾ ਮੰਡੀ ਅਫਸਰ ਵੱਲੋਂ ਦਾਣਾ ਮੰਡੀ ਦੀ ਬਣਤਰ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਗਰਾਮ ਪੰਚਾਇਤ ਦੀ ਜਮੀਨ ਪੰਜਾਬ ਮੰਡੀ ਬੋਰਡ ਨੂੰ ਦਾਨ ਕਰਨ ਦੀ ਮੰਗ ਕੀਤੀ ਗਈ ਸੀ।

ਡਾ. ਬਲਜੀਤ ਕੋਰ ਨੇ ਇਸ ਪ੍ਰੋਜੈਕਟ ਨੂੰ ਸਰਕਾਰ ਦੇ ਪੱਧਰ ‘ਤੇ ਉਚਿਤ ਮੰਜ਼ੂਰੀ ਦਿਵਾਉਣ ਲਈ ਵਿਸ਼ੇਸ਼ ਯਤਨ ਕੀਤੇ, ਜਿਸ ਦੇ ਨਤੀਜੇ ਵਜੋਂ ਪੰਜਾਬ ਵਿਲੇਜ਼ ਕਾਮਨ ਲੈਂਡਜ਼ (ਰੈਗੂਲੇਸ਼ਨ) ਪਹਿਲੀ ਸੋਧ ਰੂਲਜ਼ 2010 ਦੇ ਰੂਲ 13(ਸੀ) ਤਹਿਤ ਜਿਲ੍ਹਾ ਪ੍ਰਸ਼ਾਸਨ ਨੇ ਇਸ ਤਜ਼ਵੀਜ਼ ਨੂੰ ਮਨਜ਼ੂਰੀ ਦਿੱਤੀ ਹੈ।

ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਅਭਿਜੀਤ ਕਪਲਿਸ਼, ਆਈ.ਏ.ਐਸ. ਵੱਲੋਂ ਸਰਕਾਰੀ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਕਤ ਜਮੀਨ ਦੀ ਮੰਡੀ ਦੇ ਫੜ ਵਿੱਚ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਡਾ. ਬਲਜੀਤ ਕੋਰ ਨੇ ਕਿਹਾ ਕਿ ਨਵੀਂ ਦਾਣਾ ਮੰਡੀ ਦੀ ਉਸਾਰੀ ਨਾਲ ਕਿਸਾਨਾਂ, ਆੜਤੀਆਂ ਅਤੇ ਖੇਤੀਬਾੜੀ ਨਾਲ ਸਬੰਧਤ ਵਪਾਰੀਆਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ, ਜਿਸ ਨਾਲ ਖੇਤੀਬਾੜੀ ਅਰਥ ਵਿਵਸਥਾ ਨੂੰ ਮਜ਼ਬੂਤੀ ਮਿਲੇਗੀ।

ਡਾ ਬਲਜੀਤ ਕੌਰ ਨੇ ਪਿੰਡ ਵਾਸੀਆਂ, ਗਰਾਮ ਪੰਚਾਇਤ ਅਤੇ ਪੰਜਾਬ ਮੰਡੀ ਬੋਰਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਹੱਤਵਪੂਰਨ ਫੈਸਲਾ ਖੇਤੀਬਾੜੀ ਖੇਤਰ ਦੀ ਤਰੱਕੀ ਵਿੱਚ ਮੀਲ ਪੱਥਰ ਸਾਬਤ ਹੋਵੇਗਾ।

Share This Article
Leave a Comment