ਨਵੀਂ ਦਿੱਲੀ:ਦਿੱਲੀ ਦੀ ਸ਼ਰਾਬ ਨੀਤੀ ਵਿੱਚ ਹੋਏ ਘਪਲੇ ਨੂੰ ਲੈ ਕੇ ਈਡੀ ਨੇ ਅੱਜ (ਸ਼ੁੱਕਰਵਾਰ ਨੂੰ) ਵੱਡੀ ਕਾਰਵਾਈ ਕੀਤੀ ਹੈ। ਈਡੀ ਇਸ ਸਮੇਂ ਦਿੱਲੀ ਅਤੇ ਤੇਲੰਗਾਨਾ ਸਮੇਤ ਦੇਸ਼ ਭਰ ਵਿੱਚ 40 ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ ਪੰਜਾਬ, ਤੇਲੰਗਾਨਾ, ਨੇਲੋਰ ਅਤੇ ਦਿੱਲੀ ਐਨਸੀਆਰ ਵਿੱਚ ਛਾਪੇਮਾਰੀ ਚੱਲ ਰਹੀ ਹੈ। ਇਸ ਤੋਂ ਇਲਾਵਾ ਹੈਦਰਾਬਾਦ ‘ਚ 20 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਐਕਸਾਈਜ਼ ਪਾਲਿਸੀ ਮਾਮਲੇ ‘ਚ ਕਈ ਸੂਬਿਆਂ ‘ਚ ਕਰੀਬ 40 ਥਾਵਾਂ ‘ਤੇ ਈਡੀ ਦੀ ਛਾਪੇਮਾਰੀ ਚੱਲ ਰਹੀ ਹੈ।
ਇਸ ਤੋਂ ਪਹਿਲਾਂ 6 ਸਤੰਬਰ ਨੂੰ ਈਡੀ ਨੇ ਦੇਸ਼ ਭਰ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਦਿੱਲੀ, ਮੁੰਬਈ, ਬੈਂਗਲੁਰੂ, ਲਖਨਊ ਅਤੇ ਗੁਰੂਗ੍ਰਾਮ ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਭਾਜਪਾ ਨੇ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਨਵੀਂ ਸ਼ਰਾਬ ਨੀਤੀ ਰਾਹੀਂ ਘੁਟਾਲੇ ਦਾ ਦੋਸ਼ ਲਾਇਆ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਈਡੀ ਨੇ ਲਗਭਗ 40 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਭਾਜਪਾ ਦਾ ਦੋਸ਼ ਹੈ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ਰਾਬ ਮਾਫੀਆ ਦੇ ਕਰੋੜਾਂ ਰੁਪਏ ਮਾਫ ਕਰ ਦਿੱਤੇ ਹਨ। ਦਿੱਲੀ ਸਰਕਾਰ ਦੇ ਇਸ ਕਦਮ ਨਾਲ ਮਾਲੀਏ ਦਾ ਨੁਕਸਾਨ ਹੋਇਆ ਹੈ।
ਫਿਲਹਾਲ ਈਡੀ ਦੇਸ਼ ਭਰ ‘ਚ ਉਨ੍ਹਾਂ ਲੋਕਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ, ਜੋ ਦਿੱਲੀ ਦੀ ਨਵੀਂ ਸ਼ਰਾਬ ਨੀਤੀ ਬਣਾਉਣ ‘ਚ ਸ਼ਾਮਲ ਹਨ ਜਾਂ ਜਿਨ੍ਹਾਂ ਨੂੰ ਨਵੀਂ ਆਬਕਾਰੀ ਨੀਤੀ ਦਾ ਫਾਇਦਾ ਹੋਇਆ ਹੈ। ਭਾਜਪਾ ਦਾ ਦੋਸ਼ ਹੈ ਕਿ ਦਿੱਲੀ ਦੀ ‘ਆਪ’ ਸਰਕਾਰ ਨੇ ਸ਼ਰਾਬ ਮਾਫੀਆ ਦੇ 144 ਕਰੋੜ ਰੁਪਏ ਮਾਫ ਕਰ ਦਿੱਤੇ ਹਨ।