ਨਿਊਜ਼ ਡੈਸਕ : ਅਦਾਕਾਰ ਅਮਿਤਾਭ ਬੱਚਨ ਅਤੇ ਉਹਨਾਂ ਦੇ ਪਰਿਵਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਸਿਹਤਯਾਬ ਹੋਣ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਇਸੇ ‘ਚ ਗੁਆਂਢੀ ਮੁਲਕ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਵੀ ਅਮਿਤਾਭ ਅਤੇ ਉਨ੍ਹਾਂ ਦੇ ਪਰਿਵਾਰ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਦੱਸ ਦਈਏ ਕਿ ਇਨ੍ਹੀਂ ਦਿਨੀਂ ਭਾਰਤ ਅਤੇ ਨੇਪਾਲ ‘ਚ ਤਣਾਅ ਦੀ ਸਥਿਤੀ ਬਣੀ ਹੋਈ ਹੈ।
ਨੇਪਾਲ ਦੇ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਕਰ ਕਿਹਾ ਕਿ, “ਮੈਂ ਭਾਰਤ ਦੇ ਮਹਾਨ ਅਭਿਨੇਤਾ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਦੀ ਚੰਗੀ ਸਿਹਤ ਅਤੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ”।
Wishing legendary actor of India @SrBachchan and his son actor @juniorbachchan good health and speedy recovery!
— K P Sharma Oli (@kpsharmaoli) July 12, 2020
ਉਥੇ ਹੀ ਐਤਵਾਰ ਨੂੰ ਨਾਨਾਵਤੀ ਹਸਪਤਾਲ ਨੇ ਦੱਸਿਆ ਕਿ ਅਮਿਤਾਭ ਬੱਚਨ ਨੇ ਇਸ ਦੌਰਾਨ ਫੈਸਲਾ ਲਿਆ ਹੈ ਕਿ ਉਹ ਆਪਣੀ ਸਿਹਤ ਬਾਰੇ ਪ੍ਰਸ਼ੰਸਕਾਂ ਨੂੰ ਖੁਦ ਜਾਣਕਾਰੀ ਦਿੰਦੇ ਰਹਿਣਗੇ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਬਿਗ ਬੀ ਨੇ ਪ੍ਰਸ਼ੰਸਕਾਂ ਲਈ ਬੈਕ ਟੂ ਬੈਕ ਦੋ ਟਵੀਟ ਕੀਤੇ। ਆਪਣੇ ਟਵੀਟ ‘ਚ ਉਨ੍ਹਾਂ ਨੇ ਆਪਣੇ ਲਈ ਚਿੰਤਾ ਜ਼ਾਹਿਰ ਕਰਨ ਵਾਲੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ।
ਦੱਸ ਦਈਏ ਕਿ ਸ਼ਨੀਵਾਰ ਨੂੰ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੇ ਸੋਸ਼ਲ ਮੀਡੀਆ ‘ਤੇ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਸੀ। ਹਾਲਾਂਕਿ ਐਸ਼ਵਰਿਆ ਅਤੇ ਆਰਾਧਿਆ ਨੇ ਆਪਣੇ ਆਪ ਨੂੰ ਘਰ ‘ਚ ਹੀ ਕੁਆਰੰਟੀਨ ਕੀਤਾ ਹੋਇਆ ਹੈ। ਜਦਕਿ ਅਮਿਤਾਭ ਅਤੇ ਅਭਿਸ਼ੇਕ ਹਸਪਤਾਲ ‘ਚ ਦਾਖਲ ਹਨ।