-ਜਗਤਾਰ ਸਿੰਘ ਸਿੱਧੂ
ਪੰਜਾਬ ‘ਚ ਪਿਛਲੇ ਦੋ ਦਿਨ ਤੋਂ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਹੋ ਰਹੀ ਬੇਮੌਸਮੀ ਬਾਰਸ਼ ਅਤੇ ਝੱਖੜ ਕਾਰਨ ਕਣਕ ਦੀ ਫਸਲ ਦੀ ਭਾਰੀ ਬਰਬਾਦੀ ਹੋਈ ਹੈ। ਮੰਡੀਆਂ ‘ਚ ਸਰਕਾਰ ਵੱਲੋਂ ਖਰੀਦ ਪ੍ਰਬੰਧਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਝੱਖੜ ਅਤੇ ਬਾਰਸ਼ ਕਾਰਨ ਪੱਕਣ ‘ਤੇ ਆਈ ਕਣਕ ਖੇਤਾਂ ‘ਚ ਲੰਮੀ ਪੈ ਗਈ ਹੈ ਅਤੇ ਇਸ ਕਾਰਨ ਫਸਲ ਦੀ ਕੰਬਾਈਨ ਨਾਲ ਕਟਾਈ ਕਰਨ ‘ਚ ਵੱਡੀ ਮੁਸ਼ਕਲ ਆਏਗੀ। ਕਣਕ ਦੇ ਸਿੱਟੇ ਪੱਕੇ ਹੋਣ ਕਾਰਨ ਕਣਕ ਦੇ ਦਾਣੇ ਹਨ੍ਹੇਰੀ ਅਤੇ ਝੱਖੜ ਕਾਰਨ ਸਿੱਟਿਆਂ ‘ਚੋਂ ਨਿਕਲ ਕੇ ਹੇਠਾਂ ਡਿੱਗ ਪਏ ਹਨ। ਇਸ ਨਾਲ ਫਸਲ ਦਾ ਝਾੜ ਵੀ ਘਟਣ ਦਾ ਖਦਸਾ ਖੜ੍ਹਾ ਹੋ ਗਿਆ ਹੈ। ਵੱਖ-ਵੱਖ ਇਲਾਕਿਆਂ ਦੇ ਕਿਸਾਨਾਂ ਨਾਲ ਕੀਤੀ ਗਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ ਕਣਕ ਦੀ ਫਸਲ ਨੂੰ ਲੈ ਕੇ ਉਹ ਬਹੁਤ ਵੱਡੀ ਬਿਪਤਾ ‘ਚ ਘਿਰੇ ਹੋਏ ਹਨ। ਕਈ ਕਿਸਾਨਾਂ ਦਾ ਤਾਂ ਕਹਿਣਾ ਹੈ ਕਿ ਉਨ੍ਹਾਂ ਦੀ ਫਸਲ ਗੜੇਮਾਰੀ ਕਾਰਨ ਬਰਬਾਦ ਹੋ ਗਈ ਹੈ। ਸਬਜ਼ੀਆਂ ਅਤੇ ਦੂਜੀਆਂ ਫਸਲਾਂ ‘ਤੇ ਵੀ ਇਸ ਦਾ ਮਾੜਾ ਅਸਰ ਪਿਆ ਹੈ। ਬਾਰਸ਼ ਅਤੇ ਝੱਖੜ ਕਾਰਨ ਕਣਕ ਦੀ ਕਟਾਈ ਵੀ ਪਛੇਤੀ ਹੁੰਦੀ ਨਜ਼ਰ ਆ ਰਹੀ ਹੈ ਇਸ ਨਾਲ ਇੱਕ ਹੋਰ ਨਵੀਂ ਸਮੱਸਿਆ ਖੜ੍ਹੀ ਹੋਣ ਦਾ ਡਰ ਹੈ, ਕਣਕ ‘ਚ ਨਮੀ ਦੀ ਮਾਤਰਾ ਬਹੁਤ ਜਲਦੀ ਅਸਰ ਕਰਦੀ ਹੈ। ਜੇਕਰ ਤੈਅਸ਼ੁਦਾ ਨਮੀ ਤੋਂ ਵਧੇਰੇ ਮਾਤਰਾ ਪਾਈ ਜਾਵੇਗੀ ਤਾਂ ਕਿਸਾਨਾਂ ਨੂੰ ਮੰਡੀਆਂ ‘ਚ ਕਣਕ ਵੇਚਣ ‘ਚ ਖੱਜਲ ਖੁਆਰੀ ਦਾ ਵੀ ਸਾਹਮਣਾ ਕਰਨਾ ਪਵੇਗਾ। ਬੇਸ਼ੱਕ ਅਜੇ ਮੰਡੀਆਂ ‘ਚ ਕਣਕ ਦੀ ਆਮਦ ਤੇਜ਼ ਨਹੀਂ ਹੋਈ ਹੈ ਪਰ ਫਿਰ ਵੀ ਜਿਹੜੀਆਂ ਮੰਡੀਆਂ ਖੁਲ੍ਹੇ ਅਸਮਾਨ ਹੇਠ ਲੱਗੀਆਂ ਹੋਈਆਂ ਹਨ ਉੱਥੇ ਆਈ ਕਣਕ ਦੀ ਸਾਂਭ ਸੰਭਾਲ ਦਾ ਕੋਈ ਠੋਸ ਬੰਦੌਬਸਤ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਮੰਗ ਕੀਤੀ ਹੈ ਕਿ ਬੇਮੌਸਮੀ ਬਾਰਸ਼ ਅਤੇ ਝੱਖੜ ਕਾਰਨ ਨੁਕਸਾਨੀ ਗਈ ਫਸਲ ਦਾ ਫੌਰੀ ਤੌਰ ‘ਤੇ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਸੰਕਟ ‘ਚ ਹੈ ਅਤੇ ਹੁਣ ਕੋਰੋਨਾ ਮਹਾਮਰੀ ਦੇ ਨਾਲ-ਨਾਲ ਕੁਦਰਤ ਦੀ ਨਵੀਂ ਕਰੋਪੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਦੁੱਖ ਪ੍ਰਗਟ ਕੀਤਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਡੇ ਸਨਅਤਕਾਰਾਂ ਦੇ ਕਾਰੋਬਾਰ ਬਾਰੇ ਤਾਂ ਬਹੁਤ ਫਿਕਰਮੰਦ ਹਨ ਪਰ ਕਿਸਾਨਾਂ ਬਾਰੇ ਕੋਈ ਨਹੀਂ ਸੋਚ ਰਿਹਾ ਹੈ। ਇਸੇ ਦੌਰਾਨ ਪ੍ਰਾਪਤ ਵੇਰਵਿਆਂ ਅਨੁਸਾਰ ਅਜੇ ਮੰਡੀਆਂ ‘ਚ ਕਈ ਆੜ੍ਹਤੀਆਂ ਨੂੰ ਕਿਸਾਨ ਦੀ ਫਸਲ ਵਾਸਤੇ ਪਾਸ ਹੀ ਨਹੀਂ ਮਿਲੇ ਹਨ। ਇਸ ਤਰ੍ਹਾਂ ਇੱਕ ਪਾਸੇ ਪਾਸ ਨਾ ਮਿਲਣ ਕਾਰਨ ਭੰਬਲਭੂਸਾ ਪਿਆ ਹੋਇਆ ਹੈ ਅਤੇ ਦੂਜੇ ਪਾਸੇ ਬੇਮੌਸਮੀ ਬਾਰਸ਼ ਕਾਰਨ ਕਿਸਾਨ ਪੂਰੀ ਤਰ੍ਹਾਂ ਦਬਾਅ ਹੇਠਾਂ ਆ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਖਰਾਬ ਮੌਸਮ ‘ਚ ਕੱਟੀ ਗਈ ਫਸਲ ਨਾ ਤਾਂ ਉਹ ਆਪਣੇ ਘਰ ਰੱਖ ਸਕਦੇ ਹਨ ਅਤੇ ਨਾ ਹੀ ਮੰਡੀ ‘ਚ ਫਸਲ ਦੀ ਸੰਭਾਲ ਦੇ ਪੂਰੇ ਪ੍ਰਬੰਧ ਹਨ। ਹੁਣ ਖਰਾਬ ਮੌਸਮ ਦੇ ਚੱਲਦਿਆਂ ਕਿਸਾਨ ਕਾਹਲੇ ਪੈ ਗਏ ਹਨ ਕਿ ਉਹ ਆਪਣੀ ਫਸਲ ਦੀ ਕਟਾਈ ਕਰਕੇ ਜਲਦੀ ਮੰਡੀ ‘ਚ ਲੈ ਕੇ ਆਉਣ। ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਮੰਡੀਆਂ ‘ਚ ਕਣਕ ਸੁੱਟਣ ਦਾ ਖੁੱਲ੍ਹਾ ਪ੍ਰਬੰਧ ਹੈ ਉੱਥੇ ਕਿਸਾਨਾਂ ਨੂੰ ਵਧੇਰੇ ਪਾਸ ਜਾਰੀ ਕੀਤੇ ਜਾਣ। ਕਈ ਕਿਸਾਨਾਂ ਦਾ ਰੋਸ ਹੈ ਕਿ ਅਸਰ ਰਸੂਖ ਵਾਲੇ ਕਿਸਾਨ ਫਸਲ ਦੀ ਕਟਾਈ ਤੋਂ ਪਹਿਲਾਂ ਹੀ ਕਈ ਕਈ ਪਾਸ ਲੈ ਗਏ ਹਨ ਪਰ ਅਜੇ ਤੱਕ ਉਹ ਆਪਣੀ ਫਸਲ ਮੰਡੀ ‘ਚ ਲੈ ਕੇ ਨਹੀ ਆਏ। ਇਸ ਲਈ ਜਿਹੜੇ ਕਿਸਾਨਾਂ ਨੂੰ ਜ਼ਰੂਰਤ ਹੈ ਉਨ੍ਹਾਂ ਦੀ ਫਸਲ ਨੂੰ ਪਹਿਲ ਦੇ ਅਧਾਰ ‘ਤੇ ਮੰਡੀ ‘ਚ ਲਿਆਉਣ ਦੀ ਆਗਿਅ ਦਿੱਤੀ ਜਾਵੇ। ਇਹ ਮਾਮਲਾ ਪੰਜਾਬ ਦੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਮੰਤਰੀ ਦੇ ਧਿਆਨ ‘ਚ ਵੀ ਲਿਆਂਦਾ ਜਾ ਚੁੱਕਾ ਹੈ। ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਵੀ ਦਿੱਤਾ ਹੈ ਕਿ ਉਨ੍ਹਾਂ ਨੂੰ ਮੰਡੀ ‘ਚ ਫਸਲ ਲਿਆਉਣ ਲਈ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਕਈ ਮੰਡੀਆਂ ‘ਚ ਕਿਸਾਨਾਂ ਦੀ ਇਹ ਵੀ ਸ਼ਿਕਾਇਤ ਹੈ ਕਿ ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਬਚਾਅ ਵਾਸਤੇ ਮੰਡੀਆਂ ‘ਚ ਕੋਈ ਪ੍ਰਬੰਧ ਨਹੀਂ ਹਨ। ਉਹ ਆਪਣੇ ਘਰਾਂ ਤੋਂ ਹੀ ਸਾਬਣ ਜਾਂ ਬਚਾਅ ਦਾ ਹੋਰ ਸਮਾਨ ਨਾਲ ਲੈ ਕੇ ਆਉਂਦੇ ਹਨ। ਅਜਿਹੀਆਂ ਪ੍ਰਸਥਿਤੀਆਂ ‘ਚ ਕਿਸਾਨਾਂ ਦੀ ਚਿੰਤਾ ਬੜੀ ਵਾਜਿਬ ਹੈ ਕਿਉਂ ਜੋ ਉਨ੍ਹਾਂ ਨੂੰ ਬੇਮੌਸਮੀ ਬਾਰਸ਼ ਕਾਰਨ ਕੁਦਰਤੀ ਕਰੋਪੀ ਅਤੇ ਕੋਰੋਨਾ ਮਹਾਮਾਰੀ ਦਾ ਇੱਕੋ ਵੇਲੇ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਫੌਰੀ ਤੌਰ ‘ਤੇ ਕਿਸਾਨਾਂ ਦੀ ਬਚਾਅ ਲਈ ਲੋੜੀਂਦੇ ਫੈਸਲੇ ਲੈਣ ਦੀ ਜ਼ਰੂਰਤ ਹੈ।
ਸੰਪਰਕ : 9814002186